Post Graduate Department of Punjabi organised Sahitik Goshthi

ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ

ਪਟਿਆਲਾ: 31 ਅਗਸਤ 2024

ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ ‘ਪੰਜਾਬੀ ਸਾਹਿਤ ਸਭਾ’ ਦੇ ਸਹਿਯੋਗ ਨਾਲ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੋਸ਼ਟੀ ਦਾ ਉਦੇਸ਼ ਕਾਲਜ ਦੇ ਵਿਦਿਆਰਥੀਆਂ ਵਿੱਚ ਸਾਹਿਤਕ ਤੇ ਕਲਾਮਈ ਰੁਚੀਆਂ ਪੈਦਾ ਕਰਨ ਅਤੇ ਵਿਦਿਆਰਥੀਆਂ ਦੀ ਸਾਹਿਤਕ ਪ੍ਰਤਿਭਾ ਨੂੰ ਢੁਕਵਾਂ ਮੰਚ ਮੁਹੱਈਆ ਕਰਵਾਉਣਾ ਹੈ। ਇਸ ਗੋਸ਼ਟੀ ਵਿੱਚ ਵੱਖ-ਵੱਖ ਵਿਭਾਗਾਂ ਦੇ ਸਾਹਿਤ ਅਤੇ ਸੰਗੀਤ ਕਲਾ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ ।

ਇਸ ਮੌਕੇ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਜੀ ਨੇ ਆਡੀਟੋਰੀਅਮ ਵਿਚ ਜਿਥੇ ਸਰੋਤਿਆਂ ਦੇ ਰੂਪ ‘ਚ ਵਿਦਿਆਰਥੀਆਂ ਦੀ ਭਰਵੀਂ ਗਿਣਤੀ ਉੱਤੇ ਪ੍ਰਸੰਨਤਾ ਜ਼ਾਹਿਰ ਕੀਤੀ ਉੱਥੇ ਨਵੇਂ ਕਲਾਕਾਰਾਂ ਦੀਆਂ ਸਿਰਜਣਾਵਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ। ਉਹਨਾਂ ਕਿਹਾ ਕਿ ਅਜੋਕੇ ਸਮੇਂ ਜਿੱਥੇ ਇੰਟਰਨੈੱਟ ਮਨੁੱਖੀ ਚੇਤਨਾ ‘ਚ ਗਿਆਨ ਦੇ ਸਰੋਤਾਂ ਵੱਜੋਂ ਨਵੇਂ ਵਿਸਥਾਰ ਸਿਰਜ ਰਿਹਾ ਹੈ, ਓਥੇ ਆਰਟੀਫਿਸ਼ਲ ਇੰਟੈਲੀਜੈਂਸੀ ਮਨੁੱਖੀ ਸਿਰਜਣਾ ਦੇ ਘੇਰੇ ਨੂੰ ਸੀਮਤ ਵੀ ਕਰ ਰਹੀ ਹੈ ਪਰ ਅਜਿਹੇ ਮੰਚ ਹੁਨਰ ਤੇ ਸਿਰਜਣਾ ਲਈ ਇਕ ਅਧਾਰ ਤੇ ਵਿਸਥਾਰ ਵੱਜੋਂ ਭੂਮਿਕਾ ਨਿਭਾਉਂਦੇ ਹਨ। ਉਹਨਾਂ ਕਿਹਾ ਕਿ ਮੋਦੀ ਕਾਲਜ ਮਿਆਰੀ ਸਿੱਖਿਆ ਦੇ ਨਾਲ ਆਪਣੇ ਵਿਦਿਆਰਥੀਆਂ ਨੂੰ ਸਹਿ ਸਰਗਰਮੀਆਂ ਰਾਹੀਂ ਆਪਣੀ ਸ਼ਖ਼ਸੀਅਤ ਦੇ ਹਰ ਪੱਖ ਨੂੰ ਉਭਾਰਨ,ਨਿਖਾਰਨ ਲਈ ਮੰਚ ਸਿਰਜਣ ਲਈ ਹਮੇਸ਼ਾਂ ਵਚਨਬੱਧ ਹੈ।

ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਵਿਦਿਆਰਥੀ ਜੀਵਨ ਵਿੱਚ ਅਜਿਹੀਆਂ ਸਾਹਿਤਕ ਗੋਸ਼ਟੀਆਂ ਦੇ ਯੋਗਦਾਨ ਤੇ ਮਹੱਤਤਾ ਬਾਰੇ ਜ਼ਿਕਰ ਕੀਤਾ। ਉਹਨਾਂ ਸੰਖੇਪ ਵਿੱਚ ਵਿਦਿਆਰਥੀਆਂ ਨਾਲ ਕਾਲਜ ਦੀ ਸਾਹਿਤਕ ਗੋਸ਼ਟੀ ਦੇ ਇਤਿਹਾਸ ਅਤੇ ਪ੍ਰਾਪਤੀਆਂ ਨੂੰ ਸਾਂਝਾ ਕੀਤਾ। ਉਹਨਾਂ ਕਿਹਾ ਕਿ ਜਿਹੜੇ ਵਿਦਿਆਰਥੀ ਸਿਲੇਬਸ ਦੀ ਪੜ੍ਹਾਈ ਤੋਂ ਇਲਾਵਾ ਅਜਿਹੀਆਂ ਸਰਗਰਮੀਆਂ ਦਾ ਹਿੱਸਾ ਬਣਦੇ ਹਨ ਉਹਨਾਂ ਦੀ ਸ਼ਖਸੀਅਤ ਵਧੇਰੇ ਪ੍ਰਭਾਵਸ਼ਾਲੀ ਤੇ ਵਿਕਸਿਤ ਹੁੰਦੀ ਹੈ।

ਇਸ ਸਮੇਂ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਸਾਹਿਤਕ ਰਚਨਾਵਾਂ ਅਤੇ ਸੰਗੀਤਕ ਵੰਨਗੀਆਂ ਰਾਹੀਂ ਆਪਣੇ ਭਾਵਾਂ, ਵਿਚਾਰਾਂ ਨੂੰ ਸੁਹਜਮਈ ਅਤੇ ਸੂਝਮਈ ਢੰਗ ਨਾਲ ਪੇਸ਼ ਕੀਤਾ। ਵਿਦਿਆਰਥੀਆਂ ਨੇ ਇਹਨਾਂ ਰਚਨਾਵਾਂ ਰਾਹੀਂ ਵੱਖ-ਵੱਖ ਸਮਾਜਕ ਮੁੱਦਿਆਂ ਅਤੇ ਮਨੁੱਖ ਦੇ ਜੀਵਨ ਵਰਤਾਰਿਆਂ ਨੂੰ ਸੰਵੇਦਨਸ਼ੀਲਤਾ ਨਾਲ ਛੂਹਣ ਦਾ ਯਤਨ ਕੀਤਾ। ਇਸ ਸਾਹਿਤਕ ਗੋਸ਼ਟੀ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀ ਕਲਾਕਾਰ ਸੁਰੇਸ਼ ਕੁਮਾਰ ਸਮਰ ਨੇ ਵਿਸ਼ੇਸ਼ ਤੌਰ ਉੱਤੇ ਆਪਣੇ ਗੀਤਾਂ ਰਾਹੀਂ ਮਾਹੌਲ ਸਿਰਜਿਆ। ਸਾਹਿਤਕ ਵੰਨਗੀਆਂ ਦੀ ਪੇਸ਼ਕਾਰੀ ਵਾਲ਼ੇ ਵਿਦਿਆਰਥੀਆਂ ਵਿੱਚ ਹਰਿੰਦਰਪਾਲ ਸਿੰਘ, ਕਰਿਤਕਾ, ਜੋਤੀ, ਅੰਜਲੀ, ਜੀਨੀਅਸ, ਅਨੁਰਾਧਾ ਸੈਣੀ, ਅਭਨੂਰ, ਸੁਖਮਨ, ਸਿਮਰਨਜੀਤ ਸਿੰਘ ਚਾਹਲ, ਮੁਕਤੀ, ਮਨਿੰਦਰ, ਸ਼ਾਲੂ, ਪ੍ਰਭਜੋਤ ਸਿੰਘ ਅਤੇ ਸੰਗੀਤਕ ਵੰਨਗੀਆਂ ਵਿੱਚ ਪੇਸ਼ਕਾਰੀ ਕਰਨ ਵਾਲ਼ੇ ਵਿਦਿਆਰਥੀਆਂ ਵਿੱਚ ਧਰੁਵ ਗਰਗ, ਸ਼ੁਭਾਂਗਨੀ ਸ਼ਰਮਾ, ਮੁਹੰਮਦ ਸਾਰੰਗ, ਯਸ਼ਮਨਪ੍ਰੀਤ ਕੌਰ, ਮਨਸਿਮਰਨ ਕੌਰ, ਗਗਨਦੀਪ ਸਿੰਘ, ਭਰਤਇੰਦਰ ਸਿੰਘ, ਅਰਮਾਨਦੀਪ ਸਿੰਘ ਸ਼ਾਮਲ ਹਨ। ਇਸ ਸਾਹਿਤਕ ਗੋਸ਼ਟੀ ਦੇ ਮੰਚ ਦਾ ਸੰਚਾਲਨ ਖੂਬਸੂਰਤ ਅੰਦਾਜ਼ ਵਿਚ ਕਰਦੇ ਹੋਏ ਸਾਹਿਤ ਸਭਾ ਦੇ ਪ੍ਰੋਫ਼ੈਸਰ ਇੰਚਾਰਜ ਡਾ. ਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਸੰਜੀਦਗੀ ਨਾਲ ਸੋਚਣ, ਪੜ੍ਹਨ, ਲਿਖਣ ਅਤੇ ਇਸਦੇ ਭਵਿੱਖਮੁਖੀ ਆਦਰਸ਼ਾਂ ਵੱਲ ਸੇਧਿਤ ਹੋਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਅਗਲੇਰੀਆਂ ਰਚਨਾਵਾਂ ਦੀ ਸਿਰਜਣਾ ਲਈ ਸੁਯੋਗ ਸੁਝਾਅ ਦਿੱਤੇ। ਇਸ ਸਾਹਿਤਕ ਗੋਸ਼ਟੀ ਦੇ ਅੰਤ ਵਿੱਚ ਡਾ. ਵੀਰਪਾਲ ਕੌਰ ਨੇ ਰਸਮੀ ਤੌਰ ਉੱਤੇ ਧੰਨਵਾਦੀ ਸ਼ਬਦ ਸਾਂਝੇ ਕੀਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮੁੱਚਾ ਪੰਜਾਬੀ ਵਿਭਾਗ ਅਤੇ ਭਰਵੀਂ ਗਿਣਤੀ ਵਿਚ ਵਿਦਿਆਰਥੀ ਹਾਜ਼ਿਰ ਸਨ।