ਪਟਿਆਲਾ: 12 ਅਕਤੂਬਰ, 2015

ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਲਾਅਨ ਟੈਨਿਸ ਚੈਂਪੀਅਨਸ਼ਿਪ ਲਈ ਅੰਤਰ-ਕਾਲਜ ਮੁਕਾਬਲੇ ਆਰੰਭ ਹੋਏ। ਐਨ.ਆਈ.ਐਸ. ਪਟਿਆਲਾ ਦੇ ਚੀਫ਼ ਕੋਚ (ਬਾਕਸਿੰਗ) ਸ੍ਰੀ ਤਰਸੇਮ ਲਾਲ ਗੁਪਤਾ ਅਤੇ ਅਰਜੁਨ ਅਵਾਰਡੀ ਬਾਕਸਿੰਗ ਕੋਚ, ਐਨ.ਆਈ.ਐਸ. ਪਟਿਆਲਾ ਸ੍ਰੀ ਸਰਨ ਜੋਆਏ ਨੇ ਇਸ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਅਵਸਰ ਤੇ ਸ੍ਰੀ ਤਰਸੇਮ ਲਾਲ ਗੁਪਤਾ ਨੇ ਕਾਲਜ ਦੀਆਂ ਖੇਡਾਂ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਖੇਡਾਂ ਜੀਵਨ ਵਿਚ ਅਨੁਸ਼ਾਸਨ ਸਿਖਾਉਣ ਦੇ ਨਾਲ ਨਾਲ ਜਿੱਤ੍ਹਾਰ ਨੂੰ ਸਹਿਜ ਰੂਪ ਵਿਚ ਗ੍ਰਹਿਣ ਕਰਨ ਦੀ ਟ੍ਰੇਨਿੰਗ ਵੀ ਦਿੰਦੀਆਂ ਹਨ।

ਅੱਜ ਦੇ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਕੈਂਪਸ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਤੇ ਨੈਸ਼ਨਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ, ਚੁਪਕੀ ਦੀਆਂ ਟੀਮਾਂ ਸੈਮੀ ਫਾਈਨਲ ਵਿਚ ਪਹੁੰਚੀਆਂ। ਪਹਿਲੇ ਸੈਮੀ ਫਾਈਨਲ ਮੁਕਾਬਲੇ ਵਿਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਟੀਮ ਨੂੰ ਹਰਾ ਕੇ ਮੋਦੀ ਕਾਲਜ ਦੀ ਟੀਮ ਫਾਈਨਲ ਮੁਕਾਬਲੇ ਵਿਚ ਪਹੁੰਚੀ। ਫਾਈਨਲ ਮੁਕਾਬਲਾ ਕੱਲ ਹੋਵੇਗਾ।

ਇਸ ਟੂਰਨਾਮੈਂਟ ਦੌਰਾਨ ਮੰਚ ਸੰਚਾਲਨ ਦਾ ਕਾਰਜ ਕਾਲਜ ਦੇ ਡੀਨ (ਸਪੋਰਟਸ) ਡਾ. ਗੁਰਦੀਪ ਸਿੰਘ ਨੇ ਨਿਭਾਇਆ। ਕਾਲਜ ਦੇ ਖੇਡ ਅਫ਼ਸਰ ਸ੍ਰੀ ਨਿਸ਼ਾਨ ਸਿੰਘ ਅਤੇ ਮਿਸ ਮਨਦੀਪ ਕੌਰ ਨੇ ਟੂਰਨਾਮੈਂਟ ਦੇ ਆਯੋਜਨ ਲਈ ਸਾਰੇ ਪ੍ਰਬੰਧ ਕੀਤੇ। ਇਸ ਟੂਰਨਾਮੈਂਟ ਦੌਰਾਨ ਕਾਲਜ ਦੇ ਅਧਿਆਪਕ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਮੌਜੂਦ ਸਨ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ