ਯੁਵਕ ਸੇਵਾਵਾਂ ਵਿਭਾਗ ਪਟਿਆਲਾ ਵੱਲੋਂ ਰੈਡ ਰਿੱਬਨ ਕਲੱਬਾਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ

ਪਟਿਆਲਾ: 6 ਅਕਤੂਬਰ, 2021

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਖੇ ਯੁਵਕ ਸੇਵਾਵਾਂ ਵਿਭਾਗ ਪਟਿਆਲਾ ਵੱਲੋਂ ਰੈਡ ਰਿੱਬਨ ਕਲੱਬਾਂ ਤਹਿਤ ਏਡਜ਼ ਜਾਗਰੂਕਤਾ, ਸਵੈ-ਇੱਛਕ ਖੂਨਦਾਨ, ਟੀ.ਬੀ. ਅਤੇ ਨਸ਼ਿਆਂ ਪ੍ਰਤਿ ਜਾਗਰੂਕਤਾ ਤੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਰੈਡ ਰਿੱਬਨ ਕਲੱਬਾਂ ਦੇ ਨੋਡਲ ਅਫ਼ਸਰਾਂ ਅਤੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਵਿਸ਼ਿਆਂ ਪ੍ਰਤੀ ਆਮ ਲੋਕਾਂ ਅਤੇ ਨੌਜਵਾਨ ਵਰਗ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ ਅਤੇ ਅਜਿਹਾ ਕਰਕੇ ਤੁਸੀਂ ਸਾਰੇ ਜਾਗਰੂਕ ਨਾਗਰਿਕ ਹੋਣ ਦਾ ਕਰਤਵ ਨਿਭਾ ਰਹੇ ਹੋ ਤੇ ਤੁਸੀਂ ਸਾਰੇ ਇਸ ਕੰਮ ਲਈ ਵਧਾਈ ਦੇ ਪਾਤਰ ਹੋ।
ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪਟਿਆਲਾ ਸ਼੍ਰੀ ਅਰੁਣ ਕੁਮਾਰ ਜੀ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਰੈਡ ਰਿੱਬਨ ਕਲੱਬ ਆਪਣੀ ਭੂਮਿਕਾ ਬਾਖੂਬੀ ਨਿਭਾ ਰਿਹਾ ਹੈ। ਇਨ੍ਹਾਂ ਪ੍ਰਤਿਯੋਗਿਤਾਵਾਂ ਵਿੱਚ ਪਟਿਆਲਾ ਜ਼ਿਲ੍ਹੇ ਦੇ 16 ਕਾਲਜਾਂ ਦੇ ਨੋਡਲ ਅਫ਼ਸਰਾਂ ਅਤੇ 100 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਤਿਯੋਗਿਤਾਵਾਂ ਵਿੱਚ ਭਾਗ ਲਿਆ। ਪ੍ਰੋਗਰਾਮ ਕੋਆਡੀਨੇਟਰ ਅਤੇ ਮੋਦੀ ਕਾਲਜ ਦੇ ਰੈਡ ਰਿੱਬਨ ਕਲੱਬ ਦੇ ਨੋਡਲ ਅਫ਼ਸਰ ਨੇ ਕਵਿੱਜ਼ ਮਾਸਟਰ ਦੀ ਭੂਮਿਕਾ ਨਿਭਾਈ।
ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਦੀ ਪ੍ਰੋ. ਨਵਨੀਤ ਕੌਰ ਜੇਜੀ ਅਤੇ ਮੋਦੀ ਕਾਲਜ ਦੀ ਪ੍ਰੋਫੈਸਰ ਨੀਨਾ ਸਰੀਨ ਨੇ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਨਿਭਾਈ।
ਪੋਸਟਰ ਮੇਕਿੰਗ ਵਿੱਚ ਸਰਕਾਰੀ ਕਾਲਜ ਲੜਕੀਆਂ ਦੀ ਰਜਨੀ ਨੇ ਪਹਿਲਾ ਸਥਾਨ, ਸਰਕਾਰੀ ਮਹਿੰਦਰਾ ਕਾਲਜ ਦੀ ਅਨਮੋਲਪ੍ਰੀਤ ਨੇ ਦੂਜਾ ਅਤੇ ਸਟੇਟ ਕਾਲਜ ਆਫ਼ ਐਜੂਕੇਸ਼ਨ ਦੀ ਸੁਮਨ ਅਤੇ ਮੁਲਤਾਨੀ ਮੱਲ ਮੋਦੀ ਕਾਲਜ ਦੀ ਇਸ਼ਿਕਾ ਗੁਪਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਰਾਇਟਿੰਗ ਮੁਕਾਬਲੇ ਵਿੱਚ ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ ਹਰਜੋਤ ਸਿੰਘ ਨੇ ਪਹਿਲਾ, ਪਬਲਿਕ ਕਾਲਜ ਸਮਾਣਾ ਦੀ ਅਲਿਸ਼ਾ ਨੇ ਦੂਜਾ ਅਤੇ ਮਾਤਾ ਸਾਹਿਬ ਕੌਰ ਕਾਲਜ ਆਫ਼ ਐਜੂਕੇਸ਼ਨ ਦੀ ਜਸਲੀਨ ਅਤੇ ਯੂਨੀਵਰਸਿਟੀ ਕਾਲਜ ਮੀਰਾਂਪੁਰ ਤੇ ਸਾਹਿਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਵਿੱਜ਼ ਮੁਕਾਬਲਿਆਂ ਵਿੱਚ ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ ਹਰਜੋਤ ਸਿੰਘ ਅਤੇ ਨਵਜੋਤ ਕੌਰ ਨੇ ਪਹਿਲਾ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਪਰਨੀਤ ਕੌਰ ਅਤੇ ਰਜਨੀ ਨੇ ਦੂਜਾ ਅਤੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਗੁਲਮਹਿਰ ਧੰਜੂ ਅਤੇ ਗੌਰਵ ਮਿੱਤਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ 6000 ਰੁਪਏ, 3000 ਰੁਪਏ ਅਤੇ 2000 ਰੁਪਏ ਦੀ ਰਾਸ਼ੀ ਦੇ ਚੈੱਕ ਇਨਾਮ ਵਜੋਂ ਦਿੱਤੇ ਗਏ।
ਇਸ ਮੌਕੇ ਰੈੱਡ ਰਿੱਬਨ ਕਲੱਬਾਂ ਦੇ ਨੋਡਲ ਅਫ਼ਸਰਾਂ ਨੂੰ ਵੀ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਲਈ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਰਾਜੀਵ ਸ਼ਰਮਾ ਵੱਲੋਂ ਧੰਨਵਾਦੀ ਮਤਾ ਪੇਸ਼ ਕੀਤਾ ਗਿਆ।