ਮੋਦੀ ਕਾਲਜ ਅਤੇ ਭਾਸ਼ਾ ਵਿਭਾਗ ਵੱਲੋਂ ਕਾਵਿ-ਮਿਲਣੀ ਅਤੇ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ

ਪਟਿਆਲਾ: 29 ਮਾਰਚ, 2022

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟ-ਗੈਰਜੂਏਟ ਪੰਜਾਬੀ ਵਿਭਾਗ ਵੱਲੋਂ ਅੱਜ ਪੰਜਾਬੀ ਸਾਹਿਤ ਸਭਾ ਅਤੇ ਜ਼ਿਲਾ ਭਾਸ਼ਾ ਦਫ਼ਤਰ ਪਟਿਆਲਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਕਵਿਤਾ ਦੀਆਂ ਮੌਜੂਦਾ ਵੰਨਗੀਆਂ ਤੇ ਨਵੇਂ ਰੁਝਾਨਾਂ ਬਾਰੇ ਜਾਣੂ ਕਰਵਾਉਣ ਤੇ ਉਹਨਾਂ ਅੰਦਰਲੀ ਕਾਵਿ-ਪ੍ਰੀਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਕਾਵਿ-ਮਿਲਣੀ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ’ਤੇ ਮਹਿਮਾਨ ਕਵੀ ਵਜੋਂ ਸ੍ਰ. ਅਮਰਜੀਤ ਸਿੰਘ ਅਮਨੀਤ ਨੇ ਸ਼ਿਰਕਤ ਕੀਤੀ ਤੇ ਇਸ ਕਾਵਿ-ਮਿਲਣੀ ਦੀ ਪ੍ਰਧਾਨਗੀ ਸ੍ਰੀਮਤੀ ਚੰਦਨਦੀਪ ਕੌਰ, ਜ਼ਿਲਾ ਭਾਸ਼ਾ ਅਫਸਰ, ਪਟਿਆਲਾ ਨੇ  ਕੀਤੀ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਯੋਗ ਰਹਿਨੁਮਾਈ ਅਧੀਨ ਆਯੋਜਿਤ ਇਸ ਸਮਾਗਮ ਦਾ ਅਗ਼ਾਜ਼ ਕਰਦਿਆਂ ਕਾਲਜ ਦੇ ਵਾਈਸ-ਪ੍ਰਿੰਸੀਪਲ ਪ੍ਰੋ. ਸ਼ੈਲੇਂਦਰਾ ਸਿੱਧੂ ਨੇ ਮਹਿਮਾਨ ਕਵੀ ਦਾ ਸਵਾਗਤ ਕੀਤਾ। ਉਹਨਾਂ ਇਸ ਕਾਵਿ-ਮਿਲਣੀ ਦੇ ਆਯੋਜਨ ਕਰਨ ’ਤੇ ਪੰਜਾਬੀ ਵਿਭਾਗ ਨੂੰ ਵਧਾਈ ਦਿੰਦਿਆ ਕਿਹਾ ਕਿ ਕਲਾਵਾਂ ਵਿੱਚੋਂ ਕਵਿਤਾ ਨੂੰ ਸਭ ਤੋਂ ਉੱਚਤਮ ਕਲਾ ਮੰਨਿਆ ਗਿਆ ਹੈ ਕਿਉਂਕਿ ਇਹ ਨਾ ਸਿਰਫ ਕਿਸੇ ਸਮਾਜ ਦੇ ਚਲੰਤ ਤੇ ਲੁਪਤ ਵਰਤਾਰਿਆਂ ਨੂੰ ਹੀ ਜ਼ੁਬਾਨ ਦਿੰਦੀ ਹੈ ਸਗੋਂ ਇਹ ਪਾਠਕਾਂ ਦੇ ਸੁਹਜ ਅਤੇ ਉਹਨਾਂ ਦੀ ਰੂਹ ਦੀ ਤ੍ਰਿਪਤੀ ਵੀ ਕਰਦੀ ਹੈ।
ਇਸ ਮੌਕੇ ’ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਨੇ ਮਹਿਮਾਨ ਕਵੀ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਸ੍ਰ. ਅਮਰਜੀਤ ਸਿੰਘ ਅਮਨੀਤ ਦੀ ਕਵਿਤਾ ਮੁੱਖ ਰੂਪ ਵਿੱਚ ਕੁਦਰਤ, ਮਾਨਵਤਾ ਤੇ ਸਮਾਜ ਦੇ ਅੰਤਰ-ਸਬੰਧਾਂ ਦੇ ਪ੍ਰਗਟਾਵੇ ਦੀ ਕਵਿਤਾ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਕਵਿਤਾ ਚੇਤਨਾ ਦਾ ਘੇਰਾ ਵਸੀਹ ਕਰਨ ਦੇ ਨਾਲ-ਨਾਲ ਭਾਸ਼ਾ ਤੇ ਸਮਾਜਿਕ ਵਿਆਕਰਨ ਦੀਆਂ ਗੁੰਝਲਾਂ ਨੂੰ ਖੋਲਣ ਦਾ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਪੰਜਾਬੀ ਵਿਭਾਗ ਵਿਦਿਆਰਥੀਆਂ ਵਿੱਚ ਸਾਹਿਤ ਅਤੇ ਕਲਾਵਾਂ ਨਾਲ ਸਬੰਧਿਤ ਹੁਨਰ ਤੇ ਨਿਪੁੰਨਤਾ ਪ੍ਰਫੁਲਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ।
ਇਸ ਮੌਕੇ ’ਤੇ ਆਪਣੀ ਕਵਿਤਾ ਦੀ ਸਿਰਜਣਾਤਮਿਕ ਪ੍ਰਕ੍ਰਿਆ ਬਾਰੇ ਬੋਲਦਿਆਂ ਸ੍ਰ. ਅਮਰਜੀਤ ਸਿੰਘ ਅਮਨੀਤ ਨੇ ਕਿਹਾ ਕਿ ਮੇਰੀ ਕਵਿਤਾ ਮੁੱਖ ਰੂਪ ਵਿੱਚ ਮਨੁੱਖੀ ਜ਼ਜ਼ਬਾਤਾਂ ਤੇ ਉਹਨਾਂ ਦੇ ਪ੍ਰਗਟਾਵੇ ਦੀ ਕਵਿਤਾ ਹੈ। ਉਹਨਾਂ ਨੇ ਦੱਸਿਆ ਕਿ ਕਿਸੇ ਵੀ ਖਿੱਤੇ ਦਾ ਸਾਹਿਤ ਅਤੇ ਕਲਾਵਾਂ ਮੁੱਖ ਰੂਪ ਵਿੱਚ ਮਨੁੱਖੀ ਤਰਾਸਦੀਆਂ ਤੇ ਆਪਸੀ ਦਵੰਦਾਂ/ਟਕਰਾਉ ਨੁੰ ਜ਼ੁਬਾਨ ਦੇਣ ਦਾ ਮਾਧਿਅਮ ਹੁੰਦੇ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਆਸ-ਪਾਸ ਵਾਪਰ ਰਹੇ ਵਰਤਾਰਿਆਂ ਤੇ ਮੁਸ਼ਕਿਲਾਂ ਨੂੰ ਨੀਝ ਨਾਲ ਸਮਝਣ ਅਤੇ ਆਪਣੇ ਅਨੁਭਵ ਨੂੰ ਕਲਾਤਮਿਕ ਪ੍ਰਗਵਾਟਿਆਂ ਵਿੱਚ ਸ਼ਾਮਿਲ ਕਰਨ ਲਈ ਕਿਹਾ। ਉਹਨਾਂ ਨੇ ਇਸ ਮੌਕੇ ’ਤੇ ਆਪਣੀਆਂ ਕੁੱਝ ਚੋਣਵੀਂਆਂ ਕਵਿਤਾਵਾਂ ਵੀ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆ ਅਤੇ ਵਿਦਿਆਰਥੀਆਂ ਦੁਆਰਾ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ੍ਰੀਮਤੀ ਚੰਦਨਦੀਪ ਕੌਰ, ਭਾਸ਼ਾ ਵਿਭਾਗ ਅਫਸਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਸ਼ਾ ਵਿਭਾਗ, ਪਟਿਆਲਾ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਨਾਲ ਜੁੜਣ ਦਾ ਸੱਦਾ ਦਿੱਤਾ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ।
ਇਸ ਮੌਕੇ ’ਤੇ ਸਟੇਜ ਸਕੱਤਰ ਦੀ ਭੂਮਿਕਾ ਡਾ. ਦੀਪਕ ਧਲੇਵਾਂ ਨੇ ਨਿਭਾਈ ਅਤੇ ਧੰਨਵਾਦ ਦਾ ਮਤਾ ਡਾ. ਰੁਪਿੰਦਰ ਸਿੰਘ ਢਿੱਲੋਂ ਨੇ ਪੇਸ਼ ਕੀਤਾ। ਕਾਲਜ ਵੱਲੋਂ ਮਹਿਮਾਨ ਕਵੀ ਤੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ। ਇਸ ਮੌਕੇ ਸਮੂਹ ਪੰਜਾਬੀ ਵਿਭਾਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਆਪਕ, ਕਰਮਚਾਰੀ ਅਤੇ ਭਰਵੀਂ ਗਿਣਤੀ ਵਿਚ ਵਿਦਿਆਰਥੀ ਸ਼ਾਮਿਲ ਹੋਏ।