ਪਟਿਆਲਾ: 15 ਜਨਵਰੀ, 2015

ਮੋਦੀ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਸ਼ਹਿਰ ਦੇ ਚੌਂਕਾਂ ਵਿੱਚ ਟ੍ਰੈਫ਼ਿਕ ਨਿਯਮਾਂ ਦੀ ਪੂਰਨ ਰੂਪ ਵਿੱਚ ਪਾਲਣਾ ਕਰਨ ਦਾ ਸੁਨੇਹਾ

ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ ਦੇ ਨਿਰਦੇਸ਼ਨ ਅਧੀਨ ਸ਼ਹਿਰ ਵਿਚ ਮਨਾਏ ਜਾ ਰਹੇ ’26ਵੇਂ ਕੌਮੀ ਸੜਕ ਸੁਰੱਖਿਆ ਸਪਤਾਹ 1117 ਜਨਵਰੀ, 2015′ ਦੌਰਾਨ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਲਗਭਗ 100 ਐਨ.ਐਸ.ਐਸ. ਵਲੰਟੀਅਰਾਂ ਨੇ ਕਾਲਜ ਦੇ ਪ੍ਰੋਗਰਾਮ ਅਫ਼ਸਰਾਂ ਡਾ. ਰਾਜੀਵ ਸ਼ਰਮਾ, ਪ੍ਰੋ. ਹਰਮੋਹਨ ਸ਼ਰਮਾ ਅਤੇ ਪ੍ਰੋ. ਜਗਦੀਪ ਕੌਰ ਦੀ ਰਹਿਨੁਮਾਈ ਵਿਚ ਚਿਲਡਰਨ ਮੈਮੋਰੀਅਲ ਚੌਂਕ ਵਿਖੇ ਵਾਹਨ ਚਾਲਕਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੁਨੇਹਾ ਦਿੱਤਾ ਤੇ ਚੌਂਕ ਵਿਚ ਟ੍ਰੈਫ਼ਿਕ ਕੰਟਰੋਲ ਕਰਨ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਟ੍ਰੈਫ਼ਿਕ ਸਿੱਖਿਆ ਸੈੱਲ ਪਟਿਆਲਾ ਦੇ ਸz. ਗੁਰਜਾਪ ਸਿੰਘ ਨੇ ਵਾਹਨ ਚਾਲਕਾਂ ਨੂੰ ਦੱਸਿਆ ਕਿ ਜ਼ਿੰਦਗੀ ਅਨਮੋਲ ਹੈ, ਇਸ ਲਈ ਸੜਕਾਂ ਤੇ ਚਲਦੇ ਸਮੇਂ ਟ੍ਰੈਫ਼ਿਕ ਨਿਯਮਾਂ ਦਾ ਪਾਲਣ ਕਰਕੇ ਮਨੁੱਖੀ ਜਾਨਾਂ ਨੂੰ ਅਣਿਆਈ ਮੌਤ ਤੋਂ ਬਚਾਇਆ ਜਾਣਾ ਚਾਹੀਦਾ ਹੈ। ਵਲੰਟੀਅਰਾਂ ਨੇ ਆਪਣੇ ਹੱਥਾਂ ਵਿਚ ਟ੍ਰੈਫ਼ਿਕ ਨਿਯਮਾਂ ਸੰਬੰਧੀ ਤਖ਼ਤੀਆਂ ਫੜ੍ਹੀਆਂ ਹੋਈ ਸਨ ਜਿਨ੍ਹਾਂ ਉਪਰ ਹੈਲਮਟ ਪਾਉਣ, ਸੀਟ ਬੈਲਟ ਲਗਾਉਣ, ਜ਼ੈਬਰਾ ਕਰਾਸਿੰਗ ਉਪਰ ਵਾਹਨ ਨਾ ਖੜ੍ਹਾਉਣ ਅਤੇ ਗੱਡੀ ਦੇ ਕਾਗਜ਼ ਆਪਣੇ ਕੋਲ ਰੱਖਣ ਆਦਿ ਦੇ ਨਾਅਰੇ ਲਿਖੇ ਹੋਏ ਸਨ।
ਇਸ ਅਵਸਰ ਤੇ ਸ੍ਰੀ ਆਰ.ਕੇ. ਸ਼ਰਮਾ, ਪ੍ਰਿੰਸੀਪਲ, ਪੰਜਾਬ ਜੇਲ੍ਹ ਟ੍ਰੈਨਿੰਗ ਸਕੂਲ, ਪਟਿਆਲਾ ਨੇ ਵਲੰਟੀਅਰਾਂ ਵਲੋਂ ਟ੍ਰੈਫ਼ਿਕ ਨਿਯਮਾਂ ਸੰਬੰਧੀ ਪੁੱਛੇ ਅਨੇਕਾਂ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ। ਇਸ ਸਮੇਂ ਡਿਊਟੀ ਤੇ ਹਾਜ਼ਰ ਸ੍ਰੀ ਕ੍ਰਿਸ਼ਨ ਕੁਮਾਰ, ਏ.ਐਸ.ਆਈ., ਸz. ਲੱਖਾ ਸਿੰਘ ਅਤੇ ਸ. ਸੁਖਦੇਵ ਸਿੰਘ ਹੈੱਡ ਕੰਸਟੇਬਲ ਨੇ ਵੀ ਵਲੰਟੀਅਰਾਂ ਨਾਲ ਟ੍ਰੈਫ਼ਿਕ ਸੂਚਾਰੂ ਢੰਗ ਨਾਲ ਚਲਾਉਣ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰਸਿੱਧ ਸਮਾਜ ਸੇਵੀ ਸ੍ਰੀ ਕਾਕਾ ਰਾਮ ਵਰਮਾ, ਆਦਰਸ਼ ਕਾਲਜ ਆਫ਼ ਨਰਸਿੰਗ ਦੀਆਂ ਵਲੰਟੀਅਰ ਵਿਦਿਆਰਥਣਾਂ ਅਤੇ ਮੋਦੀ ਕਾਲਜ ਦੇ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ, ਪ੍ਰੋ. ਗੁਰਪ੍ਰੀਤ ਚਹਿਲ ਅਤੇ ਮੈਡਮ ਹੇਮਲਤਾ ਨੇ ਵੀ ਵਿਦਿਆਰਥੀਆਂ ਦੇ ਇਸ ਉਧਮ ਵਿੱਚ ਸਹਿਯੋਗ ਦਿੱਤਾ।