ਪਟਿਆਲਾ: 14 ਅਕਤੂਬਰ, 2019
‘ਨੈਤਿਕ ਸਿੱਖਿਆ ਇਮਤਿਹਾਨ-2019’ ਕਰਵਾਇਆ ਗਿਆ

ਬੀਤੇ ਦਿਨੀਂ ਮੁਲਤਾਨੀ ਮੱਲ ਮੋਦੀ ਕਾਲਜ ਦੁਆਰਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਨੈਤਿਕ ਸਿੱਖਿਆ ਇਮਤਿਹਾਨ-2019’ ਕਰਵਾਇਆ ਗਿਆ। ਕਾਲਜ ਦੇ ਵਿਦਿਆਰਥੀਆਂ ਲਈ ਆਯੋਜਿਤ ਦੇਸ਼ ਪੱਧਰ ਦੇ ਇਸ ਇਮਤਿਹਾਨ ਵਿਚ ਕਾਲਜ ਦੇ ਵੱਖ ਵੱਖ ਕੋਰਸਾਂ ਦੇ ਕੁੱਲ 102 ਵਿਦਿਆਰਥੀਆਂ ਨੇ ਭਾਗ ਲਿਆ। ਇਸ ਇਮਤਿਹਾਨ ਦਾ ਮੁੱਖ ਮੰਤਵ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਅਤੇ ਸਿਰਜਿਤ ਬਾਣੀ ਦੇ ਸਰੋਕਾਰਾਂ ਰਾਹੀਂ ਵਿਦਿਆਰਥੀਆਂ ਵਿਚ ਨੈਤਿਕਤਾ ਦਾ ਪ੍ਰਸਾਰ ਕਰਨਾ ਰਿਹਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇੇ ਕਾਲਜ ਵੱਲੋਂ ਇਹੋ ਜਿਹੀਆਂ ਨਿਰੰਤਰ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਉਹਨਾਂ ਵਿਦਿਆਰਥੀਆਂ ਤੋਂ ਆਸ ਕੀਤੀ ਕਿ ਇਹਨਾਂ ਨੈਤਿਕ ਸਿੱਖਿਆਵਾਂ ਨੂੰ ਵਿਦਿਆਰਥੀ ਆਪਣੇ ਵਿਹਾਰਕ ਜੀਵਨ ਵਿਚ ਅਪਣਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਅਸਲ ਵਾਰਿਸ ਹੋਣ ਦਾ ਹੱਕ ਅਦਾ ਕਰਨਗੇ। ਇਸ ਮੌਕੇ ‘ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ’ ਸੰਸਥਾ ਦੇ ਖੇਤਰੀ ਪ੍ਰਤੀਨਿਧ ਸਰਦਾਰ ਰਾਮ ਸਿੰਘ ਨੇ ਜੀਵਨ ਵਿਚ ਨੈਤਿਕਤਾ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਵਰਤਮਾਨ ਸਮੇਂ ਜਦੋਂ ਸਮਾਜ ਅਨੇਕਾਂ ਬੁਰਾਈਆਂ ਤੇ ਕੁਰੀਤੀਆਂ ਵਿਚ ਘਿਰਿਆ ਹੋਇਆ ਹੈ ਤਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਡੇ ਕੋਲ ਰਾਹ ਦਸੇਰੇ ਦੇ ਰੂਪ ਵਿਚ ਮੌਜੂਦ ਹਨ। ਜਿਨ੍ਹਾਂ ਨੂੰ ਸਮਝਣ ਅਤੇ ਜੀਵਨ ਵਿਚ ਅਪਨਾਉਣ ਦੀ ਲੋੜ ਹੈ। ਇਸ ਇਮਤਿਹਾਨ ਨੂੰ ਕਾਲਜ ਵਿਚ ਕਰਵਾਉਣ ਲਈ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਲੋਕਲ ਕੋਆਰਡੀਨੇਟਰ ਵਜੋਂ ਸੇਵਾ ਨਿਭਾਈ। ਵਿਦਿਆਰਥੀਆਂ ਦੇ ਇਸ ਇਮਤਿਹਾਨ ਨੂੰ ਕਾਲਜ ਕੈਂਪਸ ਵਿਚ ਵਿਧੀਵਤ ਢੰਗ ਨਾਲ ਕਰਵਾਉਣ ਲਈ ਸੁਪਰਡੈਂਟ ਵਜੋਂ ਪੰਜਾਬੀ ਵਿਭਾਗ ਦੇ ਡਾ. ਦਵਿੰਦਰ ਸਿੰਘ ਨੇ ਜਿੰਮੇਵਾਰੀ ਨਿਭਾਈ। ਪੰਜਾਬੀ ਵਿਭਾਗ ਦੇ ਹੀ ਪ੍ਰੋ. ਗੁਰਪ੍ਰੀਤ ਸਿੰਘ ਅਤੇ ਪ੍ਰੋ. ਰੁਪਿੰਦਰ ਕੌਰ ਨੇ ਇਨਵਿਜ਼ੀਲੇਟਰ ਦਾ ਕਾਰਜ ਨਿਭਾਇਆ।