ਪਟਿਆਲਾ: 13 ਜਨਵਰੀ, 2019

ਮੋਦੀ ਕਾਲਜ ਵਿਖੇ ਮਨਾਈ ਗਈ ‘ਧੀਆਂ ਦੀ ਲੋਹੜੀ’

ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਚ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਸੁਯੋਗ ਅਗਵਾਹੀ ਅਧੀਨ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਲੋਹੜੀ ਦਾ ਪਵਿੱਤਰ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਮਾਜਿਕ ਸਾਂਝ ਵਧਾਉਣ ਲਈ ਲੋਹੜੀ ਵਰਗੇ ਸਾਂਝ ਦੇ ਪ੍ਰਤੀਕ ਤਿਉਹਾਰਾਂ ਨੂੰ ਮਨਾਉਣ ਅਤੇ ਉਨ੍ਹਾਂ ਦੇ ਸਮਾਜਿਕ, ਇਤਿਹਾਸਕ ਅਤੇ ਸਭਿਆਚਾਰਕ ਮਹੱਤਵ ਤੋਂ ਜਾਣੂੰ ਹੋਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਧੀਆਂ ਪ੍ਰਤੀ ਸੋਚ ਨੂੰ ਬਦਲ ਕੇ ਬਰਾਬਰੀ ਦੇ ਸਮਾਜ ਨੂੰ ਸਿਰਜਨ ਲਈ ਨਿੱਜੀ ਅਤੇ ਸਮੂਹਕ ਪੱਧਰ ‘ਤੇ ਸਾਰਥਕ ਉਪਰਾਲੇ ਕਰਨ ਲਈ ਵੀ ਸੱਦਾ ਦਿੱਤਾ।

ਕਾਲਜ ਦੇ ਖੇਡ ਵਿਭਾਗ ਦੇ ਡੀਨ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਨੇ ਲੋਹੜੀ ਤਿਉਹਾਰ ਦੇ ਇਤਿਹਾਸਕ ਪਰਿਪੇਖ ਤੋਂ ਜਾਣੂੰ ਕਰਵਾਉਂਦੇ ਹੋਏ ਪੰਜਾਬ, ਪੰਜਾਬੀਅਤ ਅਤੇ ਸਭਿਆਚਾਰਕ ਰੀਤਾਂ-ਰਸਮਾਂ ਦੀ ਆਪਸੀ ਅਨਿੱਖੜਵੀਂ ਸਾਂਝ ‘ਤੇ ਰਾਸ਼ਨੀ ਪਾਈ। ਉਨ੍ਹਾਂ ਸਮਾਜਿਕ ਸੋਚ ਵਿੱਚ ਅਗਾਹਵਧੂ ਨਜ਼ਰੀਆ ਅਪਣਾਉਂਦੇ ਹੋਏ ਧੀਆਂ ਨੂੰ ਪੜ੍ਹਨ-ਲਿਖਣ ਅਤੇ ਹਰੇਕ ਖੇਤਰ ਵਿੱਚ ਪ੍ਰਾਪਤੀਆਂ ਕਰਨ ਲਈ ਵੱਧ ਤੋਂ ਵੱਧ ਮੌਕੇ ਸਿਰਜਣ ਲਈ ਅਪੀਲ ਵੀ ਕੀਤੀ।

ਪ੍ਰੋਗਰਾਮ ਦਾ ਆਗਾਜ਼ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਮੁਹੰਮਦ ਹਬੀਬ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਦੁਆਰਾ ਗਾਏ ‘ਸ਼ੁਕਰਾਨਾ’ ਗੀਤ ਰਾਹੀਂ ਪਰਮਾਤਮਾ ਦੀ ਅਰਾਧਨਾ ਤੋਂ ਕੀਤਾ ਗਿਆ। ਇਸ ਉਪਰੰਤ ਵਿਭਿੰਨ ਸੰਗੀਤਕ-ਰੰਗਾਂ ਵਜੋਂ ਟੱਪੇ, ਛੱਲਾ, ਸੂਫ਼ੀਆਨਾ ਕਲਾਮ, ਲੋਕ-ਗਾਥਾ ਸੁੱਚਾ ਸੂਰਮਾ, ਮੋਨੋ ਐਕਟਿੰਗ, ਗਜ਼ਲ ਅਤੇ ਹੋਰ ਮਨੋਰੰਜਕ ਪੇਸ਼ਕਾਰੀਆਂ ਕੀਤੀਆਂ ਗਈਆਂ।

ਇਸ ਮੋਕੇ ਪ੍ਰੋ. ਮੁਹੰਮਦ ਹਬੀਬ ਤੋਂ ਇਲਾਵਾ ਗੌਤਮ ਬੱਗਾ, ਸਲੀਮ ਖਾਨ, ਅਮਿਤ ਸਿੰਘ ਰਾਵਤ, ਕਵਿਤਾ ਸ਼ਰਮਾ, ਕਮਲ, ਅਮਰਿੰਦਰ ਸਿੰਘ, ਡਾ. ਹਰਮਨ, ਪ੍ਰੋ. ਕਪਿਲ ਸ਼ਰਮਾ ਅਤੇ ਪ੍ਰੋ. ਰੁਪਿੰਦਰ ਸਿੰਘ ਨੇ ਵੱਖੋ-ਵੱਖਰੀਆਂ ਸੰਗੀਤਕ ਅਤੇ ਕਲਾ ਵੰਨਗੀਆਂ ਜ਼ਰੀਏ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ।

ਇਸ ਮੌਕੇ ਕਾਲਜ ਪ੍ਰਿੰਸੀਪਲ ਵੱਲੋਂ ਸਟਾਫ਼ ਅਤੇ ਕਰਮਚਾਰੀਆ ਦੇ ਜੀਵਨ ਵਿੱਚ ਆਈ ਨਿੱਜੀ ਖੁਸ਼ੀ ਨੂੰ ਸਮੂਹਿਕ ਖੁਸ਼ੀ ਬਣਾਉਂਦੇ ਹੋਏ ਉਨ੍ਹਾਂ ਨੂੰ ਤੋਹਫ਼ੇ ਭੇਂਟ ਕੀਤੇ ਗਏ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਗੁਰਦੀਪ ਸਿੰਘ ਅਤੇ ਡਾ. ਰੁਪਿੰਦਰ ਸਿੰਘ ਨੇ ਕੀਤਾ।

ਸਮਾਗਮ ਦੇ ਅੰਤ ਵਿੱਚ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਆਪਸ ਵਿੱਚ ਰਿਊੜੀਆਂ, ਮੂੰਗਫਲੀਆਂ ਤੇ ਮਿਠਾਈਆਂ ਵੰਡੀਆਂ ਅਤੇ ਇੱਕ-ਦੂਜੇ ਨੂੰ ਇਸ ਪਵਿੱਤਰ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਸੁਹਾਵਣੇ ਜੀਵਨ ਦੀ ਕਾਮਨਾ ਕੀਤੀ।