ਪਟਿਆਲਾ: 30 ਅਗਸਤ, 2019

ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ

ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ ‘ਪੰਜਾਬੀ ਸਾਹਿਤ ਸਭਾ’ ਦੇ ਸਹਿਯੋਗ ਨਾਲ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਹ ਮਹੀਨਾਵਾਰ ਸਾਹਿਤਕ ਗੋਸ਼ਟੀ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਸੁਯੋਗ ਰਹਿਨੁਮਾਈ ਹੇਠ, ਵਿਦਿਆਰਥੀਆਂ ਵਿਚਲੀ ਬਹੁਪੱਖੀ ਪ੍ਰਤਿਭਾ ਉਭਾਰਨ ਦੇ ਉਦੇਸ਼ ਹਿਤ ਕਰਵਾਈ ਜਾਂਦੀ ਹੈ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਨਵੀਂਆਂ ਕਲਮਾਂ ਨੂੰ ਮੁਬਾਰਕ ਦਿੰਦਿਆ ਕਿਹਾ ਕਿ ਸਾਹਿਤ ਰਾਹੀਂ ਹੀ ਅਸੀਂ ਕਿਸੇ ਸਮਾਜ ਦੀ ਨਬਜ ਨੂੰ ਪਛਾਣ ਸਕਦੇ ਹਾਂ। ਉੱਤਮ ਸਾਹਿਤ ਦਾ ਪ੍ਰਭਾਵ ਸਮਾਜ ਤੇ ਚਿਰ-ਸਥਾਈ ਰਹਿੰਦਾ ਹੈ। ਉਨ੍ਹਾਂ ਭਾਸ਼ਾ ਅਤੇ ਸਾਹਿਤ ਦੀ ਮਹੱਤਤਾ ਦਰਸਾਉਂਦਿਆਂ, ਅਸਾਮ ਰਾਜ ਵਿੱਚ ਬਿਤਾਏ ਆਪਣੇ ਨਿਜੀ ਅਨੁਭਵਾਂ ਨੂੰ ਸਾਂਝਾ ਕੀਤਾ ਅਤੇ ਦੱਸਿਆ ਕਿ ਕਿਵੇਂ ਚੰਗਾ ਸਾਹਿਤ ਰਾਜਨੀਤਿਕ ਅਤੇ ਭਾਸ਼ਾਈ ਹੱਦਬੰਦੀਆਂ ਤੋਂ ਪਾਰ ਜਾ ਕੇ ਲੋਕ ਮਨਾਂ ਤੱਕ ਰਸਾਈ ਕਰਦਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਵਿਦਿਆਰਥੀ ਜੀਵਨ ਵਿੱਚ ਅਜਿਹੇ ਸਾਹਿਤਕ ਸਮਾਗਮਾਂ ਦੀ ਉਸਾਰੂ ਭੂਮਿਕਾ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਹਿਤ ਆਪਣੇ ਅੰਦਰ ਦੇ ਮਨੁੱਖਤਾ ਦੇ ਗੁਣ ਨੂੰ ਦੂਜਿਆਂ ਨਾਲ ਸਾਂਝਾ ਕਰਨ ਦਾ ਕਲਾਤਮਕ ਯਤਨ ਹੁੰਦਾ ਹੈ। ਇਹੋ ਜਿਹੇ ਮੰਚ ਵਿਦਿਆਰਥੀ ਜੀਵਨ ਵਿੱਚ ਉਪਜੇ ਸੰਵੇਦਾਨਸ਼ੀਲ ਭਾਵਾਂ ਵਿਚਾਰਾਂ ਅਤੇ ਖਿਆਲਾਂ ਨੂੰ ਪ੍ਰਗਟਾਉਣ ਦਾ ਆਧਾਰ ਬਣਦੇ ਹਨ।

ਇਸ ਕਲਾ-ਮੰਚ ਰਾਹੀਂ ਵੱਖ-ਵੱਖ ਕਲਾਸਾਂ ਦੇ ਸਾਹਿਤ ਸਭਾ ਦੇ ਮੈਂਬਰ-ਵਿਦਿਆਰਥੀਆਂ ਨੇ ਆਪਣੀ ਕਲਾ ਤੇ ਸੰਵੇਦਨਾ ਨੂੰ ਵੱਖ-ਵੱਖ ਸਾਹਿਤਕ ਰੂਪਾਂ ਰਾਹੀਂ ਪੇਸ਼ ਕੀਤਾ। ਵਿਦਿਆਰਥੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਸਮਾਜ ਦੇ ਹਰ ਪੱਖ ਨੂੰ ਸੰਜੀਦਾ ਅਤੇ ਸੁਹਜਮਈ ਦ੍ਰਿਸ਼ਟੀ ਨਾਲ ਛੂਹਣ ਦਾ ਯਤਨ ਕੀਤਾ। ਇਨ੍ਹਾਂ ਵਿਦਿਆਰਥੀਆਂ ਵਿੱਚ ਪ੍ਰੀਤ, ਸਕੀਨਾ, ਰਮਣੀਕ ਕੌਰ, ਪ੍ਰਤੀਕ, ਸਮਰੀਤ ਕੌਰ, ਹਰਪਿੰਦਰ ਸਿੰਘ, ਆਸ਼ਾ, ਅਵਨੀਤ ਕੌਰ, ਪਰਨੀਤ ਕੌਰ, ਗੁਰਨੂਰ ਕੌਰ, ਕਮਲਪ੍ਰੀਤ ਸਿੰਘ, ਅਨਮੋਲ ਸ਼ਰਮਾ, ਤਨੂ, ਮਨਜੋਤ ਸਿੰਘ, ਸਤਨਾਮ ਸਿੰਘ, ਪ੍ਰਿੰਸ, ਰਿਤੂ, ਗਗਨਦੀਪ ਕੌਰ, ਆਕਾਸ਼ਦੀਪ ਸ਼ਰਮਾ, ਮਹਿਕਪ੍ਰੀਤ ਕੌਰ, ਪੁਸ਼ਪਪ੍ਰੀਤ ਸਿੰਘ, ਅੰਮ੍ਰਿਤਪਾਲ, ਖੁਸ਼ਨਵ, ਡਿੰਪਲ, ਪਰਵਿੰਦਰ ਸਿੰਘ, ਭਾਵਨਾ, ਅਰਵਿੰਦਰ ਕੌਰ, ਰਿੰਕੂ, ਪੁਸ਼ਪਿੰਦਰ ਸਿੰਘ, ਜਗਤਾਰ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਹਰਮਨ ਅਤੇ ਪ੍ਰੋ. ਦੀਪਕ ਧਲੇਵਾਂ ਨੇ ਵੀ ਆਪਣੀਆਂ ਰਚਨਾਵਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ। ਡਾ. ਦਵਿੰਦਰ ਸਿੰਘ ਨੇ ਮੰਚ-ਸੰਚਾਲਨ ਦਾ ਕਾਰਜ ਬਾਖ਼ੂਬੀ ਨਿਭਾਇਆ। ਡਾ. ਮਨਜੀਤ ਕੌਰ ਨੇ ਇਸ ਗੋਸ਼ਟੀ ਵਿੱਚ ਸ਼ਾਮਲ ਹੋਏ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਮਾਗਮ ਵਿੱਚ ਭਰਵੀਂ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਰੁਪਿੰਦਰ ਸ਼ਰਮਾ (ਹਿੰਦੀ ਵਿਭਾਗ) ਅਤੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।