ਪਟਿਆਲਾ : 13 ਜਨਵਰੀ, 2017

ਮੁਲਤਾਨੀ ਮਲ ਮੋਦੀ ਕਾਲਜ ਵਿੱਚ ‘ਲੋਹੜੀ ਧੀਆਂ ਦੀ’ ਮਨਾਈ ਗਈ

ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਲੋਹੜੀ ਦੇ ਪਵਿੱਤਰ ਤਿਓਹਾਰ ਨੂੰ ਬਹੁਤ ਹੀ ਉਹਸ਼ਾਹ ਅਤੇ ਚਾਅ ਨਾਲ ਮਨਾਇਆ ਗਿਆ। ਇਸ ਸਮੇਂ ਕਾਲਜ ਗਰਾਊਂਡ ਵਿੱਚ ਵਿਦਿਆਰਥੀਆਂ ਵਲੋਂ ਲੋਹੜੀ ਨਾਲ ਸੰਬੰਧਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਲੋਹੜੀ ਦੇ ਸਮਾਜਕ, ਸਭਿਆਚਾਰਕ ਤੇ ਇਤਿਹਾਸਕ ਮਹੱਤਵ ਸਬੰਧੀ ਜਾਣੂੰ ਕਰਵਾਇਆ ਅਤੇ ਨਾਲ ਹੀ ਉਨਾਂ ਨੇ ਸਮੂਹ ਵਿਦਿਆਰਥੀਆਂ ਤੋਂ ਚੰਗੇ ਸਮਾਜ ਦੀ ਸਿਰਜਣਾ ਦਾ ਪ੍ਰਣ ਲਿਆ। ਉਨਾਂ ਇਹ ਵੀ ਕਿਹਾ ਕਿ ਲੜਕੀਆਂ ਨੂੰ ਵਿਚਾਰੀਆਂ ਜਾਂ ਨਿਤਾਣੀਆਂ ਸਮਝਣ ਦੀ ਬਜਾਏ ਉਨਾਂ ਨੂੰ ਸਮਰਥ ਮਨੁਖੀ ਸਖਸੀਅਤਾਂ ਸਮਝਿਆ ਜਾਵੇ। ਲੜਕੀਆਂ ਦੀ ਸਖਸੀਅਤ ਦੇ ਵਿਭਿੰਨ ਪਖਾਂ ਦੇ ਸੰਪੂਰਨ ਵਿਕਾਸ ਲਈ ਉਸਾਰੂ ਮਾਹੌਲ ਅਤੇ ਸਾਜਗਾਰ ਮੌਕੇ ਮੁਹਈਆ ਕਰਵਾਉਣਾ ਸਮੁਚੇ ਸਮਾਜ ਅਤੇ ਸਰਕਾਰਾਂ ਦੀ ਜਿਮੇਵਾਰੀ ਹੈ।

ਕਾਲਜ ਦੇ ਸਭਿਆਚਾਰਕ ਸਰਗਰਮੀਆਂ ਦੇ ਡੀਨ ਪ੍ਰੋ. ਸ਼ਰਵਨ ਕੁਮਾਰ ਨੇ ਸਮਾਰੋਹ ਦਾ ਸੰਚਾਲਨ ਕਰਦਿਆਂ ਭਰੂਣ ਹਤਿਆ ਅਤੇ ਲੜਕੀਆਂ ਨੂੰ ਉਚੇਰੀ ਸਿਖਿਆ ਤੋਂ ਵੰਚਿਤ ਰਖਣ ਵਰਗੀਆਂ ਲਾਹਨਤਾਂ ਨੂੰ ਮਰਦ ਪ੍ਰਧਾਨ ਸਮਾਜ ਦੀ ਮਧਯੁਗੀ ਸੋਚ ਦਾ ਨਤੀਜਾ ਦਸਿਆ। ਉਨਾਂ ਨੇ ਕਿਹਾ ਕਿ ਕਾਲਜ ਵਿਚ ਧੀਆਂ ਦੀ ਲੋਹੜੀ ਮਨਾਉਣ ਦਾ ਮੰਤਵ ਇਸ ਸੋਚ ਨੂੰ ਬਦਲਣ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਹੀ ਹੈ।

ਇਸ ਮੌਕੇ ਪ੍ਰੋ. ਵੇਦ ਪ੍ਰਕਾਸ ਸਰਮਾ, ਡਾ. ਮਨਜੀਤ ਕੌਰ ਤੋਂ ਇਲਾਵਾ ਅਨੇਕਾਂ ਵਿਦਿਆਰਥੀਆਂ ਨੇ ਗੀਤਾਂ ਰਾਹੀਂ ਸਮਾਗਮ ਵਿਚ ਰੰਗ ਬੰਨਿਆ। ਵਿਦਿਆਰਥਣਾਂ ਨੇ ਗਿਧਾ ਅਤੇ ਬੋਲੀਆਂ ਵੀ ਪਾਈਆਂ।

ਸਮਾਗਮ ਦੇ ਅੰਤ ਵਿਚ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਆਪਸ ਵਿੱਚ ਰਿਉੜੀਆਂ, ਮੂੰਗਫਲੀਆਂ ਤੇ ਮਠਿਆਈਆਂ ਵੰਡੀਆਂ ਅਤੇ ਇੱਕ ਦੂਜੇ ਨੂੰ ਇਸ ਪਵਿੱਤਰ ਦਿਨ ਦੀਆਂ ਵਧਾਈ ਦਿੰਦਿਆਂ ਸਭ ਦੇ ਸੁਹਾਵਣੇ ਜੀਵਨ ਦੀ ਕਾਮਨਾ ਕੀਤੀ।