ਪਟਿਆਲਾ : 12 ਜਨਵਰੀ, 2015
ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਵਾਮੀ ਵਿਵੇਕਾਨੰਦ ਸਟਡੀ ਸਰਕਲ (ਰਜਿ) ਦੇ ਸਹਿਯੋਗ ਨਾਲ ਰਾਜ ਪੱਧਰੀ ੌਕੌਮੀ ਯੁਵਕ ਦਿਵਸੌ ਮਨਾਇਆ ਗਿਆ ਜਿਸ ਵਿੱਚ ਲਗਭਗ 300 ਤੋਂ ਵੱਧ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੇ ਭਾਗ ਲਿਆ। ਇਸ ਮੌਕੇ ਸਮਾਜ ਸੇਵਾ ਤੇ ਰਾਸ਼ਟਰ ਨਿਰਮਾਣ ਦੇ ਕਾਰਜਾਂ ਵਿਚ ਮੱਲਾਂ ਮਾਰਨ ਵਾਲੇ ਪੰਜਾਬ ਦੇ 22 ਨੌਜਵਾਨਾਂ ਨੂੰ ਰਾਜ ਪੱਧਰੀ ਸਵਾਮੀ ਵਿਵੇਕਾਨੰਦ ਯੁਵਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਯੁਵਕ ਪੁਰਸਕਾਰ ਸਵਾਮੀ ਵਿਵੇਕਾਨੰਦ ਸਟਡੀ ਸਰਕਲ (ਰਜਿਸਟਰਡ) ਵੱਲੋਂ ਹਰ ਵਰ੍ਹੇ ਦਿੱਤੇ ਜਾਂਦੇ ਹਨ। ਇਸ ਅਵਸਰ ਤੇ ਇੰਡੀਅਨ ਰੈਡ ਕਰਾਸ ਸੋਸਾਇਟੀ, ਪੰਜਾਬ (ਚੰਡੀਗੜ) ਦੇ ਸਕੱਤਰ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਸ੍ਰੀ ਚੰਦਰ ਸ਼ੇਖਰ ਤਲਵਾੜ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਵਿਦਵਾਨ ਵਕਤਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਹ ਦਿਹਾੜਾ ਨੌਜਵਾਨਾਂ ਦੀਆਂ ਸਮੱਸਿਆਵਾਂ ਅਤੇ ਉਨਾਂ ਅੰਦਰਲੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਦਾ ਸੁਨਹਿਰੀ ਮੌਕਾ ਹੈ। ਸਵਾਮੀ ਵਿਵੇਕਾਨੰਦ ਨੂੰ ਯਾਦ ਕਰਦਿਆਂ ਸ੍ਰੀ ਤਲਵਾੜ ਨੇ ਕਿਹਾ ਕਿ ਜਨਵਰੀ 1963   ਵਿਚ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ੌਕੌਮੀ ਯੁਵਕ ਦਿਵਸੌ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਉਨਾਂ ਕਿਹਾ ਕਿ ਵਿਵੇਕਾਨੰਦ ਨੇ ਨੌਜਵਾਨਾਂ ਅੰਦਰ ਸਵੈਮਾਨ ਅਤੇ ਸਾਰਿਆਂ ਧਰਮਾਂ ਦਾ ਸਤਿਕਾਰ ਕਰਨ ਦੇ ਨਾਲਨਾਲ ਦਲਿਤਾਂ, ਦੁਖੀਆਂ, ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਭਾਵਨਾ ਅਪਣਾਉਣ ਤੇ ਜ਼ੋਰ ਦਿੱਤਾ। ਸ੍ਰੀ ਤਲਵਾੜ ਨੇ ਇਹ ਵੀ ਕਿਹਾ ਕਿ ਸੰਸਾਰ ਪ੍ਰਸਿੱਧ ਚਿੰਤਕ ਰੋਮਾਂ ਰੋਲਾਂ ਨੇ ਸਵਾਮੀ ਵਿਵੇਕਾਨੰਦ ਦੀ ਜੀਵਨੀ ਲਿਖੀ ਜਿਸ ਵਿਚ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਕ੍ਰਿਸ਼ਮਈ ਦੱਸਿਆ ਗਿਆ ਹੈ। ਸਵਾਮੀ ਜੀ ਨੇ ਪਿਆਰ ਤੇ ਸਹਿਨਸ਼ੀਲਤਾ ਦਾ ਸੁਨੇਹਾ ਵੀ ਦਿੱਤਾ। ਵਿਦਵਾਨ ਵਕਤਾ ਨੇ ਨੌਜਵਾਨਾਂ ਨੂੰ ਭਾਰਤ ਵਰਗੇ ਵਿਭਿੰਨ ਧਰਮਾਂ ਵਾਲੇ ਮੁਲਕ ਵਿਚ ਦੂਜਿਆ ਦੇ ਵਿਸ਼ਵਾਸਾਂ ਦਾ ਸਤਿਕਾਰ ਕਰਨ ਦੀ ਭਾਵਨਾ ਅਪਣਾਉਣ ਦਾ ਸੁਨੇਹਾ ਵੀ ਦਿੱਤਾ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਵਾਮੀ ਵਿਵੇਕਾਨੰਦ ਦੇ ਜੀਵਨ ਨੂੰ ਨੌਜਵਾਨਾਂ ਦੀ ਸ਼ਖਸੀਅਤ ਦੇ ਵਿਕਾਸ ਨਾਲ ਜੋੜ ਕੇ ਅਨੇਕਾਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਸਟੱਡੀ ਸਰਕਲ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਹ ਰਾਜ ਪੱਧਰੀ ਸਨਮਾਨ ਸਮਾਗਮ ਮੋਦੀ ਕਾਲਜ ਵਿਚ ਕਰਾਉਣ ਦਾ ਫੈਸਲਾ ਕੀਤਾ।
ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੀ ਡਾ. ਅਮਿਤਾ ਰਿਸ਼ੀ, ਮੈਂਬਰ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਯੁਵਕ ਪੁਰਸਕਾਰ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਵੇਕਾਨੰਦ ਜੀ ਦੇ ਜੀਵਨ ਅਤੇ ਵਿਚਾਰਾਂ ਤੋਂ ਨੌਜਵਾਨ ਪੀੜ੍ਹੀ ਨੂੰ ਨਿੱਜੀ ਜੀਵਨ ਅਤੇ ਰਾਸ਼ਟਰ ਨਿਰਮਾਣ ਦੇ ਕਾਰਜਾਂ ਵਿਚ ਅੱਗੇ ਵੱਧਣ ਲਈ ਅਗਵਾਈ ਮਿਲਦੀ ਹੈ। ਉਨ੍ਹਾਂ ਦੇ ਵਿਚਾਰ ਅਜੋਕੇ ਭਾਰਤ ਨੂੰ ਸੰਸਾਰ ਵਿਚ ਸਨਮਾਨਯੋਗ ਸਥਾਨ ਬਣਾਉਣ ਲਈ ਅੱਜ ਵੀ ਪ੍ਰਸੰਗਿਕ ਹਨ।
ਰਾਜ ਪੱਧਰੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ ਜਸਰੇਮਨ ਸਿੰਘ (ਪੀ ਏ ਯੂ, ਲੁਧਿਆਣਾ), ਸ਼ਰੂਤੀ ਬਜਾਜ (ਐਸ. ਡੀ. ਕਾਲਜ, ਚੰਡੀਗੜ੍ਹ), ਨਰਜੀਤ ਸਿੰਘ (ਪੀ ਏ ਯੂ, ਲੁਧਿਆਣਾ) ਅੰਮ੍ਰਿਤ ਕੌਰ (ਹੰਸਰਾਜ ਮਹਿਲਾ ਵਿਦਿਆਲਾ, ਜਲੰਧਰ), ਰੁਚੀਕਾ ਗਰਗ (ਪੀ ਏ ਯੂ, ਲੁਧਿਆਣਾ), ਭਾਵਨਾ ਹਾਂਡਾ (ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ), ਰਜਤ ਸ਼ਰਮਾ (ਡੀ.ਏ.ਵੀ. ਕਾਲਜ, ਜਲੰਧਰ), ਰਾਜਬੀਰ ਸਿੰਘ ਧਾਲੀਵਾਲ (ਸਰਕਾਰੀ ਕਾਲਜ ਸੈਕਟਰ 46, ਚੰਡੀਗੜ੍ਹ), ਨਿਸ਼ਿਤ ਸ਼ਰਮਾ (ਐਸ. ਡੀ. ਕਾਲਜ, ਚੰਡੀਗੜ੍ਹ), ਨਵਰੂਪ ਕੌਰ ਤੇ ਅਨੂਰੀਤ ਕੌਰ (ਰਾਮਗੜ੍ਹੀਆ ਕਾਲਜ, ਲੁਧਿਆਣਾ), ਜਿਉਤੀ (ਸਰਕਾਰੀ ਸਿੱਖਿਆ ਕਾਲਜ, ਪਟਿਆਲਾ), ਵਿਕਰਮ ਮੈਨਰੋ (ਏ. ਐਸ. ਕਾਲਜ, ਖੰਨਾ), ਸੁਮਿਤ ਸਿੰਘ ਪਦਮ (ਜੀ ਐਨ ਡੀ ਯੂ, ਅੰਮ੍ਰਿਤਸਰ), ਸਾਕਸ਼ੀ ਮਹਾਜਨ (ਸਰਕਾਰੀ ਕਾਲਜ, ਲੜਕੀਆਂ, ਲੁਧਿਆਣਾ), ਜਸਪ੍ਰੀਤ ਸਿੰਘ (ਪੀ. ਏ. ਯੂ, ਲੁਧਿਆਣਾ), ਜਤਿੰਦਰਪਾਲ ਕੌਰ (ਬੀ. ਐਨ. ਐਸ. ਗਰਲਜ਼ ਕਾਲਜ, ਆਲਮਗੀਰ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਅਭੈ ਸਿਆਗ (ਪੀ ਏ ਯੂ, ਲੁਧਿਆਣਾ), ਸਾਹਿਲ ਸਿੰਗਲਾ ਤੇ ਅੰਕਿਤ ਸ਼ਰਮਾ (ਕਮਲਾ ਲਹੋਟੀਆ, ਐਸ.ਡੀ. ਕਾਲਜ, ਲੁਧਿਆਣਾ), ਪ੍ਰਿਆ ਰਾਣੀ (ਐਸ. ਡੀ. ਪੀ. ਕਾਲਜ ਫਾਰ ਵਿਮੈਨ, ਲੁਧਿਆਣਾ) ਅਤੇ ਅਮਨਦੀਪ ਕੌਰ (ਬੀ. ਐਨ. ਐਸ. ਮੈਮੋਰੀਅਲ ਗਰਲਜ਼ ਕਾਲਜ, ਆਲਮਗੀਰ) ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਕਾਲਜ ਦੇ ਰੈੱਡ ਰਿਬਨ ਕਲੱਬ ਵਲੋਂ ਡਾ. ਰਾਜੀਵ ਸ਼ਰਮਾ, ਪ੍ਰੋ. ਹਰਮੋਹਨ ਸ਼ਰਮਾ ਤੇ ਮਿਸਿਜ਼ ਜਗਦੀਪ ਕੌਰ ਨੇ ਹਾਜ਼ਰ ਐਨ.ਐਸ.ਐਸ. ਵਲੰਟੀਅਰਾਂ ਨੂੰ ਦੇਸ਼, ਸਮਾਜ ਅਤੇ ਲੋੜਵੰਦਾਂ ਪ੍ਰਤਿ ਚੰਗਾ ਸੋਚਣ ਤੇ ਚੰਗੇ ਕੰਮ ਕਰਨ ਦੀ ਸਹੁੰ ਵੀ ਚੁਕਵਾਈ।
ਕਾਲਜ ਪ੍ਰਬੰਧਕਾਂ ਵੱਲੋਂ ਡਾ. ਅਮਿਤਾ ਰਿਸ਼ੀ ਤੇ ਸ੍ਰੀ ਚੰਦਰ ਸ਼ੇਖ਼ਰ ਤਲਵਾਰ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਵਾਮੀ ਵਿਵੇਕਾਨੰਦ ਸਟਡੀ ਸਰਕਲ ਵਲੋਂ ਡਾ. ਏ. ਕੇ. ਜੈਨ ਨੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਡਾ. ਰਾਜੀਵ ਸ਼ਰਮਾ ਨੇ ਨਿਭਾਇਆ। ਸ੍ਰੀ ਸਤੀਸ਼ ਸੋਹੀ, ਮੀਤ ਸਕੱਤਰ, ਵਿਵੇਕਾਨੰਦ ਸਟੱਡੀ ਸਰਕਲ ਨੇ ਸਭ ਦਾ ਧੰਨਵਾਦ ਕੀਤਾ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ