ਪਟਿਆਲਾ: 23 ਸਤੰਬਰ, 2015

ਅੱਜ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹਰ ਸਾਲ ਦੀ ਤਰ੍ਹਾਂ ‘ਪ੍ਰਤਿਭਾ ਖੋਜ ਮੁਕਾਬਲਾ – 2015’ ਕਰਵਾਇਆ ਗਿਆ ਜਿਸ ਵਿਚ ਸ. ਦਲਜੀਤ ਸਿੰਘ ਰਾਣਾ ਐਸ.ਪੀ. (ਸਿਟੀ), ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਸ. ਹਰਦੀਪ ਸਿੰਘ ਬਡੂੰਡਰ, ਟ੍ਰੈਫ਼ਿਕ ਇੰਚਾਰਜ, ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਸ੍ਰੀ ਦਲਜੀਤ ਸਿੰਘ ਰਾਣਾ ਨੇ ਵਿਦਿਆਰਥੀਆਂ ਦੀ ਭਾਸ਼ਣ ਕਲਾ ਵਿੱਚ ਉਂਤਮ ਪੇਸ਼ਕਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਿਥੇ ਭਾਸ਼ਣ ਕਲਾ ਲਈ ਚੁਣੇ ਗਏ ਵਿਸ਼ੇ ਬਹੁਤ ਹੀ ਪ੍ਰਾਸੰਗਿਕ ਤੇ ਸਮੇਂ ਦੀ ਲੋੜ ਅਨੁਸਾਰ ਸਨ ਉਥੇ ਬੁਲਾਰਿਆਂ ਅੰਦਰ ਬੁਲੰਦ ਹੌਂਸਲਾ ਤੇ ਆਤਮ ਵਿਸ਼ਵਾਸ ਨਜ਼ਰ ਆ ਰਿਹਾ ਹੈ। ਸ੍ਰੀ ਰਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੀ ਜਵਾਨੀ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ। 17 ਤੋਂ 25 ਸਾਲ ਦੀ ਉਮਰ ਜੀਵਨ ਵਿਚ ਕੁਝ ਬਣਨ ਦਾ ਸਮਾਂ ਹੁੰਦੀ ਹੈ। ਇਸ ਉਮਰ ਵਿਚ ਜੇ ਨਸ਼ਿਆਂ ਤੋਂ ਬਚ ਕੇ, ਅਨੁਸ਼ਾਸਨ ਵਿਚ ਰਹਿ ਕੇ ਤੇ ਚੰਗੇ ਅਧਿਆਪਕਾਂ ਦੀ ਰਹਿਨੁਮਾਈ ਵਿਚ ਸਿੱਖਿਆ ਪ੍ਰਾਪਤ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਦੇ ਨਾਲ-ਨਾਲ ਦੇਸ਼ ਦਾ ਭਵਿੱਖ ਵੀ ਉੱਜਵਲ ਹੋ ਜਾਵੇਗਾ। ਪ੍ਰਤਿਭਾ-ਖੋਜ ਮੁਕਾਬਲਿਆਂ, ਯੁਵਕ ਮੇਲਿਆਂ ਅਤੇ ਖੇਡ ਸਰਗਰਮੀਆਂ ਵਿਚ ਭਾਗ ਲੈ ਕੇ ਵਿਦਿਆਰਥੀ ਆਪਣੀ ਸ਼ਖ਼ਸੀਅਤ ਦਾ ਸੰਪੂਰਨ ਨਿਰਮਾਣ ਕਰ ਸਕਦੇ ਹਨ।

ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਸ. ਹਰਦੀਪ ਸਿੰਘ ਬਡੂੰਗਰ ਨੇ ਭਾਸ਼ਣ ਪ੍ਰਤੀਯੋਗਤਾ ਵਿਚ ਵਿਦਿਆਰਥੀਆਂ ਵੱਲੋਂ ਭਾਸ਼ਣ ਮੁਕਾਬਲੇ ਵਿੱਚ ਪੇਸ਼ ਕੀਤੇ ਵਿਚਾਰਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਕੋਹੜ, ਵਾਤਾਵਰਣ “ਚ ਆ ਰਹੇ ਵਿਗਾੜ ਅਤੇ ਸੜਕ ਦੁਰਘਟਨਾਵਾਂ “ਚ ਕੀਮਤੀ ਜ਼ਿੰਦਗੀਆਂ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਅਜਿਹੇ ਭਾਸ਼ਣ ਮੁਕਾਬਲੇ ਬਹੁਤ ਹੀ ਉਸਾਰੂ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਰ ਸਾਲ ਪੰਜਾਬ ਵਿਚ ਲਗਭਗ ਇਕ ਪਿੰਡ ਦੀ ਅਬਾਦੀ ਦੇ ਬਰਾਬਰ ਲੋਕ ਸੜਕ ਦੁਰਘਟਨਾਵਾਂ ਵਿਚ ਮਰ ਜਾਂਦੇ ਹਨ।

ਇਸ ਸਮਾਗਮ ਦੇ ਇਨਾਮ ਵੰਡ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਸਤੀਸ਼ ਕੁਮਾਰ ਵਰਮਾ, ਡੀਨ, ਯੁਵਕ ਭਲਾਈ, ਪੰਜਾਬੀ ਯੂਨੀਵਰਸਿਟੀ ਨੇ ਕਿਹਾ ਕਿ ਪ੍ਰਤਿਭਾ ਜਮਾਂਦਰੂ ਨਹੀਂ ਹੁੰਦੀ, ਇਹ ਤਾਂ ਕਮਾਉਣੀ ਪੈਂਦੀ ਹੈ, ਇਸ ਦੇ ਬੀਜ ਜ਼ਰੂਰ ਜਮਾਂਦਰੂ ਹੁੰਦੇ ਹਨ। ਪ੍ਰਤਿਭਾ ਤਾਂ ਜੀਵਨ ਜੀਉਣ ਦਾ ਸਲੀਕਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕਿਰਤ ਨੂੰ ਰੀਝ ਨਾਲ ਕਰੋਗੇ ਤਾਂ ਕਲਾ ਪੈਦਾ ਹੋਵੇਗੀ। ਖ਼ਲੀਲ ਜਿਬਰਾਨ ਦੇ ਹਵਾਲੇ ਨਾਲ ਉਨ੍ਹਾਂ ਨੇ ਨੌਜਵਾਨਾਂ ਅੰਦਰ ਉਚੇਰੇ ਮਾਨਵੀ ਗੁਣ ਵਿਕਸਤ ਕਰਨ ਨੂੰ ਸਮੇਂ ਦੀ ਲੋੜ ਦੱਸਿਆ। ਡਾ. ਵਰਮਾ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਵਿੱਚ ਧੀਆਂ ਦਾ ਉਂਚਾ ਸਥਾਨ ਹੈ ਤੇ ਇਸ ਨੂੰ ਬਣਾਈ ਰੱਖਣਾ ਸਮੁੱਚੇ ਸਮਾਜ ਦਾ ਫਰਜ਼ ਹੈ।

ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਯੁਵਕ ਮੇਲਿਆਂ ਵਿਚ ਕਲਾਤਮਕ ਤੇ ਸਾਹਿਤਕ ਮੁਕਾਬਲਿਆਂ ਦੀ ਪਰੰਪਰਾ ਨੇ ਅਨੇਕਾਂ ਨੌਜਵਾਨਾਂ ਦੀ ਸ਼ਖ਼ਸੀਅਤ ਨਿਖਾਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਸਭਿਆਚਾਰਕ ਸਰਗਰਮੀਆਂ ਹੁਣ ਅਕਾਦਮਿਕ ਕਲੰਡਰ ਦਾ ਅਨਿਖੜਵਾਂ ਅੰਗ ਬਣ ਚੁੱਕੀਆਂ ਹਨ। ਇਨ੍ਹਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਆਪਣੇ ਹੁਨਰ ਅਤੇ ਆਤਮ ਵਿਸ਼ਵਾਸ ਨਾਲ ਜੀਵਨ ਤੇ ਦੇਸ਼ ਸਾਹਮਣੇ ਪੇਸ਼ ਵੰਗਾਰਾਂ ਦਾ ਸਫ਼ਲਤਾ ਪੂਰਬਕ ਸਾਹਮਣਾ ਕਰ ਸਕਦੇ ਹਨ।

ਵਿਦਿਆਰਥੀਆਂ ਵਲੋਂ ਗਰੁੱਪ ਸ਼ਬਦ, ਸਮੂਹ ਗਾਇਨ, ਸਕਿੱਟ, ਗਿੱਧਾ ਤੇ ਭੰਗੜੇ ਦੀਆਂ ਟੀਮ ਆਈਟਮਾਂ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਪ੍ਰਤੀਯੋਗਤਾ ਵਿਚ “ਭਾਰਤੀ ਸੰਸਦੀ ਪ੍ਰਣਾਲੀ ਵਿਚ ਆ ਰਿਹਾ ਨਿਘਾਰ“ ਅਤੇ “ਸੋਸ਼ਲ ਮੀਡੀਆ – ਸੰਭਨਾਵਾਂ ਤੇ ਚੁਣੌਤੀਆਂ“ ਵਿਸ਼ਿਆਂ ਤੇ ਵਿਦਿਆਰਥੀਆਂ ਨੇ ਬਹੁਤ ਹੀ ਤਰਕ ਭਰਪੂਰ ਵਿਚਾਰ ਕਲਾਤਮਕ ਅੰਦਾਜ਼ ਵਿਚ ਪੇਸ਼ ਕੀਤੇ। ਭਾਸ਼ਣ-ਕਲਾ ਵਿਚ ਇਸ਼ਨੂਰ ਘੁੰਮਣ ਤੇ ਜਯਾ ਕੌਸ਼ਿਕ ਨੇ ਪਹਿਲਾ, ਦੀਪ ਪ੍ਰਿਆ ਤੇ ਮੇਘਾਲੀ ਗੁਪਤਾ ਨੇ ਦੂਜਾ ਤੇ ਯੁਕਤੀ ਤੇ ਸੁਖਮੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਗੀਤ ਤੇ ਗ਼ਜ਼ਲ ਵਿਚ ਬਾਵਨ ਪ੍ਰੀਤ ਕੌਰ ਨੇ ਪਹਿਲਾ ਤੇ ਜੋਬਨਜੀਤ ਸਿੰਘ ਤੇ ਗੁਰਨਦਰ ਸਿੰਘ ਨੇ ਦੂਜਾ ਤੇ ਕੀਰਤੀ ਵਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਕੁਇੱਜ਼ ਮੁਕਾਬਲੇ ਵਿਚ ਗੌਰਵ ਸਿੰਗਲਾ ਨੇ ਪਹਿਲਾ, ਪ੍ਰਿੰਸ ਮਹਿਤਾ ਨੇ ਦੂਜਾ ਤੇ ਰਿਤੀਕਾ ਨੇ ਤੀਜਾ ਸਥਾਨ ਹਾਸਲ ਕੀਤਾ।

ਕਵਿਤਾ ਉਚਾਰਨ ਵਿਚ ਆਰਜ਼ੂ ਪਹਿਲੇ, ਮਨਦੀਪ ਵਾਲੀਆ ਦੂਜੇ ਅਤੇ ਅਨੀਸ਼ਾ ਤੀਜੇ ਸਥਾਨ ਤੇ ਰਹੇ।

ਲੋਕ ਗੀਤਾਂ ਦੇ ਮੁਕਾਬਲੇ ਵਿਚ ਗੌਤਮ ਬੱਗਾ ਨੇ ਪਹਿਲਾ, ਕੁਲਵੰਤ ਸਿੰਘ ਨੇ ਦੂਜਾ ਤੇ ਸ਼ਬਨਮ ਸ਼ਰਮਾ ਤੇ ਅੰਮ੍ਰਿਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

ਪੱਛਮੀ ਸੋਲੋ ਗਾਇਨ ਵਿਚ ਪਲਕ ਜੈਨ ਪਹਿਲੇ ਤੇ ਮਨੀਸ਼ ਸਿੰਘ ਦੂਜੇ ਸਥਾਨ ਤੇ ਰਿਹਾ।

ਕਲਾਸੀਕਲ ਡਾਂਸ ਵਿਚ ਗੁਰਪ੍ਰੀਤ ਕੌਰ ਪਹਿਲੇ ਤੇ ਦੀਕਸ਼ਾ ਦੂਜੇ ਸਥਾਨ ਤੇ ਰਹੀ।

ਮਹਿੰਦੀ ਲਗਾਉਣ ਵਿਚ ਕੋਮਲ ਕਪੂਰ ਤੇ ਸੋਨੂ ਨੇ ਪਹਿਲਾ, ਅਮਿਤ ਨੇ ਦੂਜਾ ਤੇ ਪ੍ਰਨੀਤ ਨੇ ਤੀਜਾ ਸਥਾਨ ਲਿਆ।

ਕੋਲਾਜ ਮੇਕਿੰਗ ਵਿਚ ਸਿਮਰਨ ਕਾਲੜਾ ਨੇ ਪਹਿਲਾ ਤੇ ਰਿਤੀਕਾ ਨੇ ਦੂਜਾ ਸਥਾਨ ਹਾਸਲ ਕੀਤਾ।

ਕਢਾਈ ਦੇ ਮੁਕਾਬਲੇ ਵਿਚ ਮਨਪ੍ਰੀਤ ਕੌਰ ਨੇ ਪਹਿਲਾ ਤੇ ਰਿਤੂ ਬਾਲਾ ਨੇ ਦੂਜਾ ਤੇ ਰਾਜਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

ਕਾਰਟੂਨ ਬਣਾਉਣ ਵਿਚ ਵਿਵੇਕ ਤੇ ਕੀਰਤੀ ਵਰਮਾ ਪਹਿਲੇ ਸਥਾਨ ਤੇ ਰਹੇ ਜਦ ਕਿ ਕਮਲਪ੍ਰੀਤ ਦੂਜੇ ਤੇ ਨੈਂਸੀ ਵਰਮਾ ਤੀਜੇ ਸਥਾਨ ਤੇ ਰਹੀ।

ਮੌਕੇ ਤੇ ਚਿੱਤਰਕਾਰੀ ਵਿਚ ਅੰਕਿਤਾ ਗਰਗ ਪਹਿਲੇ ਤੇ ਜਾਮੀਆ ਜੈਨ ਦੂਜੇ ਸਥਾਨ ਤੇ ਰਹੀ।

ਕਲੇਅ ਮਾਡਲਿੰਗ ਵਿਚ ਹਰਪ੍ਰੀਤ ਸਿੰਘ ਪਹਿਲੇ ਤੇ ਕਰਨ ਗੁਰੂ ਦੂਜੇ ਤੇ ਸਿਰਮਨਜੀਤ ਕੌਰ ਤੀਜੇ ਸਥਾਨ ਤੇ ਰਹੇ। ਪੋਸਟਰ ਬਣਾਉਣ ਵਿਚ ਤੂਲੀਕਾ ਪਹਿਲੇ ਤੇ ਮਨਜਿੰਦਰ ਕੌਰ ਤੇ ਅਮੀਸ਼ਾ ਵਰਮਾ ਦੂਜੇ ਤੇ ਹਰਸਿਮਰਤ ਕੌਰ ਤੀਜੇ ਸਥਾਨ ਤੇ ਰਹੇ। ਫੋਟੋਗ੍ਰਾਫ਼ੀ ਵਿਚ ਕੁਲਦੀਪ ਸਿੰਘ ਪਹਿਲੇ, ਮਨੀਸ਼ ਦੂਜੇ ਅਤੇ ਪ੍ਰੀਆ ਗਰਗ ਤੀਜੇ ਸਥਾਨ ਤੇ ਰਹੇ। ਰੰਗੋਲੀ ਵਿਚ ਸਿਮਰਨਜੀਤ ਕੌਰ ਪਹਿਲੇ ਤਨੀਸ਼ਾ ਮਨਚੰਦਾ ਦੂਜੇ ਅਤੇ ਭੂਮਿਕਾ ਖੁਰਾਣਾ ਤੀਜੇ ਸਥਾਨ ਤੇ ਰਹੀਆਂ।

ਸਮਾਗਮ ਦੇ ਅੰਤ ਵਿਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਪ੍ਰੋ. ਨਿਰਮਲ ਸਿੰਘ, ਡਾ. ਹਰਚਰਨ ਸਿੰਘ ਤੇ ਮਿਸ ਪੂਨਮ ਧੀਮਾਨ ਨੇ ਭਾਸ਼ਣ ਕਲਾ ਲਈ, ਪ੍ਰੋ. ਵੇਦ ਪ੍ਰਕਾਸ਼ ਸ਼ਰਮਾ, ਡਾ. ਗੁਰਦੀਪ ਸਿੰਘ, ਡਾ. ਦਵਿੰਦਰ ਸਿੰਘ ਨੇ ਕਵਿਤਾ ਉਚਾਰਣ ਲਈ ਜੱਜਾਂ ਦੀ ਭੂਮਿਕਾ ਨਿਭਾਈ। ਸੰਗੀਤ ਦੀਆਂ ਆਇਟਮਾਂ ਲਈ ਡਾ. ਰਾਜੀਵ ਸ਼ਰਮਾ, ਡਾ. ਮਨਜੀਤ ਕੌਰ, ਪ੍ਰੋ. ਹਰਮੋਹਨ ਸ਼ਰਮਾ ਤੇ ਡਾ. ਪਵਨ ਕੁਮਾਰ ਜੱਜ ਰਹੇ। ਕਵਿੱਜ਼ ਲਈ ਪ੍ਰੋ. ਪੂਨਮ ਮਲਹੋਤਰਾ, ਪ੍ਰੋ. ਅਜੀਤ ਕੁਮਾਰ ਅਤੇ ਪ੍ਰੋ. ਗਣੇਸ਼ ਕੁਮਾਰ ਸੇਠੀ ਨੇ ਜੱਜਾਂ ਦੇ ਫ਼ਰਜ਼ ਨਿਭਾਏ। ਕੋਮਲ ਕਲਾਵਾਂ ਲਈ ਪ੍ਰੋ. ਨੀਨਾ ਸਰੀਨ, ਪੋz. ਜਸਵੀਰ ਕੌਰ, ਪ੍ਰੋ. ਰੋਹਿਤ ਸੱਚਦੇਵਾ ਤੇ ਮਿਸਿਜ਼ ਵੀਨੂ ਜੈਨ ਜੱਜ ਸਨ।

ਡਾ. ਸਤੀਸ਼ ਕੁਮਾਰ ਵਰਮਾ, ਡੀਨ, ਯੁਵਕ ਭਲਾਈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੇਤੂ ਪ੍ਰਤਿਯੋਗੀਆਂ ਨੂੰ ਇਨਾਮ ਅਤੇ ਸਰਟੀਫ਼ਿਕੇਟ ਪ੍ਰਦਾਨ ਕੀਤੇ। ਕਾਲਜ ਪ੍ਰਬੰਧਕਾਂ ਵਲੋਂ ਮਹਿਮਾਨਾਂ ਨੂੰ ਯਾਦ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋ. ਬਲਵੀਰ ਸਿੰਘ, ਡੀਨ ਸਭਿਆਚਾਰਕ ਸਰਗਮੀਆਂ, ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ।
ਡਾ. ਵਿਨੇ ਜੈਨ ਨੇ ਧੰਨਵਾਦ ਦੇ ਸ਼ਬਦ ਕਹੇ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ