ਮੁਲਤਾਨੀ ਮੱਲ ਮੋਦੀ ਕਾਲਜ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵੱਲੋਂ ਪੰਜਾਬ ਕਾਮਰਸ ਐਂਡ ਮੈਨੇਜਮੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਦੋ ਰੋਜ਼ਾ “ਅੰਤਰਰਾਸ਼ਟਰੀ ਬਿਜ਼ਨਸ ਕਾਨਫਰੰਸ“ ਦੇ ਮੌਕੇ ਮੁੱਖ ਮਹਿਮਾਨ ਡਾ. ਆਰ. ਕੇ. ਕੋਹਲੀ, ਵਾਈਸ ਚਾਂਸਲਰ, ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਵਾਤਾਵਰਣ ਦਾ ਨੁਕਸਾਨ ਕਰਕੇ ਕੀਤਾ ਆਰਥਿਕ ਵਿਕਾਸ ਮਨੁੱਖਤਾ ਲਈ ਬਹੁਤ ਹਾਨੀਕਾਰਕ ਸਾਬਤ ਹੋਵੇਗਾ। ਇਸ ਲਈ ਆਰਥਿਕ ਯੋਜਨਾਕਾਰਾਂ ਨੂੰ ਚਾਹੀਦਾ ਹੈ ਕਿ ਉਹ ਵਾਤਾਵਰਣ, ਕੁਦਰਤੀ ਵਸੀਲਿਆਂ ਅਤੇ ਸਮਾਜਕ ਸਰੋਕਾਰਾਂ ਨੂੰ ਧਿਆਨ ਵਿਚ ਰੱਖ ਕੇ ਹੀ ਵਿਕਾਸ ਦੀਆਂ ਪ੍ਰਾਥਮਿਕਤਾਵਾਂ ਨਿਰਧਾਰਤ ਕਰਨ ਕਿਉਂਕਿ ਆਰਥਿਕ ਵਿਕਾਸ ਦਾ ਮੰਤਵ ਤਾਂ ਸਮੁੱਚੇ ਸਮਾਜ ਦਾ ਭਲਾ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਰਥਿਕ ਪੱਖੋਂ ਵਿਕਸਤ ਦੇਸ਼ਾਂ ਨੇ ਵਾਤਾਵਰਨ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਕੁੱਲ ਘਰੇਲੂ ਉਤਪਾਦਨ ਹੀ ਸਮਾਜਿਕ ਵਿਕਾਸ ਦੀ ਨਿਸ਼ਾਨੀ ਨਹੀਂ ਹੁੰਦਾ।
ਆਪਣੇ ਕੂੰਜੀਵਤ ਭਾਸ਼ਣ ਵਿਚ ਪੂਨੇ (ਮਹਾਰਾਸ਼ਟਰ) ਤੋਂ ਆਏ ਡਾ. ਸਚਿਨ ਵਰਨੇਕਰ ਨੇ ਕਿਹਾ ਕਿ ਭਾਰਤੀ ਲੋਕਾਂ ਵਿਚ ਪ੍ਰਤਿਭਾ ਦੀ ਕੋਈ ਕਮੀ ਨਹੀਂ, ਬਾਹਰਲੇ ਮੁਲਕਾਂ ਵਿਚ ਉਨ੍ਹਾਂ ਨੇ ਹਰ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਪਰੰਤੂ ਹੁਣ ਸੰਸਾਰੀਕਰਨ ਦੀਆਂ ਲੋੜਾਂ ਅਨੁਸਾਰ ਸਾਨੂੰ ਆਪਣੀ ਮਾਨਸਿਕਤਾ ਬਦਲ ਕੇ ਨਵੇਂ ਹੁਨਰ ਸਿੱਖਣ ਦੀ ਲੋੜ ਹੈ। ਵਿਦਿਆਰਥੀਆਂ ਨੂੰ ਸਮੇਂ ਦੀਆਂ ਲੋੜਾਂ ਅਨੁਸਾਰ ਸਿੱਖਿਅਤ ਕਰਕੇ ਅਤੇ ਦੂਜਿਆਂ ਸਭਿਆਚਾਰਾਂ ਬਾਰੇ ਜਾਣੂੰ ਕਰਾਉਣ ਨਾਲ ਉਨ੍ਹਾਂ ਦੇ ਕੰਮ ਵਿਚ ਨਿਪੁੰਨਤਾ ਪੈਦਾ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਮ ਗਿਆਨ ਦੇ ਨਾਲ ਨਾਲ ਨੈਤਿਕ ਤੇ ਆਤਮਕ ਗੁਣ ਅਪਣਾਉਣ ਤੇ ਵੀ ਜ਼ੋਰ ਦਿੱਤਾ।
ਇਸ ਕਾਨਫਰੰਸ ਵਿਚ ਪੁੱਜੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਸੰਸਾਰ ਪੱਧਰ ਤੇ ਆਰਥਿਕ ਅਤੇ ਰਾਜਨੀਤਿਕ ਦ੍ਰਿਸ਼ ਵਿਚ ਆਈਆਂ ਤਬਦੀਲੀਆਂ ਨੇ ਭਾਰਤੀ ਆਰਥਕ ਵਿਕਾਸ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸਾਨੂੰ ਆਪਣੇ ਆਰਥਿਕ ਵਿਕਾਸ ਦੀ ਦਿਸ਼ਾ ਨੂੰ ਆਪਣੇ ਦੇਸ਼ ਦੀਆਂ ਸਮਾਜਿਕ ਲੋੜਾਂ ਅਨੁਸਾਰ ਨਵੀਂ ਸੇਧ ਦੇਣ ਦੀ ਜ਼ਰੂਰਤ ਹੈ। ਪੀ.ਸੀ.ਐਮ.ਏ. ਦੇ ਪ੍ਰਧਾਨ ਡਾ. ਗੁਰਦੀਪ ਸਿੰਘ ਬੱਤਰਾ ਨੇ ਸੰਸਥਾ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ।
ਕਾਨਫਰੰਸ ਦੇ ਦੂਜੇ ਸੈਸ਼ਨ ਦੌਰਾਨ ਹੋਈ ਪੈਨਲ ਡਿਸਕਸ਼ਨ ਵਿਚ ਡਾ. ਧਰਮਿੰਦਰ ਸਿੰਘ ਉਂਭਾ, ਪ੍ਰਿੰਸੀਪਲ ਖਾਲਸਾ ਕਾਲਜ, ਪਟਿਆਲਾ, ਡਾ. ਪ੍ਰੇਮ ਕੁਮਾਰ, ਵੀ.ਸੀ., ਮੁੰਜਾਲ ਯੂਨੀਵਰਸਿਟੀ ਗੁੜਗਾਂਉ, ਡਾ. ਸੀ. ਆਰ. ਬੈਕਟਰ, ਕੈਨੇਡਾ, ਡਾ. ਜਗਦੀਸ਼ ਖੱਤਰੀ (ਅਲਾਹਾਬਾਦ) ਅਤੇ ਡਾ. ਜਤਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਨੇ ਉਪਰੋਕਤ ਵਿਸ਼ੇ ਤੇ ਭਰਪੂਰ ਚਰਚਾ ਕੀਤੀ ਅਤੇ ਵਿਦਿਆਰਥੀਆਂ ਅਤੇ ਹਾਜ਼ਰ ਵਿਦਵਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਵਿਚਾਰ ਵਟਾਂਦਰੇ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਭਾਰਤੀ ਕੁੱਲ ਘਰੇਲੂ ਉਤਪਾਦਨ ਦੀ ਦਰ ਪਹਿਲੀ ਸਦੀ ਵਿਚ ਸੰਸਾਰ ਦੇ ਕੁੱਲ ਘਰੇਲੂ ਉਤਪਾਦਨ ਦਾ 33 ਫ਼ੀਸਦੀ ਸੀ, 17ਵੀਂ ਸਦੀ ਵਿਚ 25 ਫੀਸਦੀ ਅਤੇ ਹੁਣ 21ਵੀਂ ਸਦੀ ਵਿਚ ਘੱਟ ਕੇ ਸਿਰਫ਼ 6 ਫੀਸਦੀ ਰਹਿ ਗਿਆ ਹੈ। ਇਸ ਗਿਰਾਵਟ ਦੇ ਆਰਥਕ ਅਤੇ ਰਾਜਨੀਤਕ ਕਾਰਨ ਹਨ। ਆਰਥਕ ਵਿਕਾਸ ਦੇ ਇਸ ਜਟਿਲ ਵਰਤਾਰੇ ਬਾਰੇ ਵਿਦਵਾਨਾਂ ਨੂੰ ਹੋਰ ਸੋਚਣ ਦੀ ਲੋੜ ਹੈ। ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਤਕਨਾਲੋਜੀ ਨੂੰ ਵਿਕਾਸ ਲਈ ਵਰਤਦਿਆਂ ਸਮਾਜਿਕ ਸਰੋਕਾਰਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾਣਾ ਚਾਹੀਦਾ।
ਮੁੰਜਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰੇਮ ਕੁਮਾਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਨੂੰ ਆਪਣੀ ਵਿਦਿਆ ਦਾ ਮਿਆਰ ਉਂਚਾ ਚੁੱਕਣਾ ਪਵੇਗਾ ਤਾਂ ਹੀ ਉਹ ਅਜੋਕੇ ਉਦਯੋਗ ਅਤੇ ਵਪਾਰ ਦੀਆਂ ਲੋੜਾਂ ਪੂਰੀਆਂ ਕਰਨ ਯੋਗ ਸਿੱਖਿਅਤ ਨੌਜਵਾਨ ਪੈਦਾ ਕਰ ਸਕੇਗੀ। ਸਿਧਾਂਤਕ ਗਿਆਨ ਦੇ ਨਾਲ-ਨਾਲ ਹੱਥੀ ਕੰਮ ਕਰਨ ਦੀ ਨਿਪੁੰਨਤਾ ਦੀ ਵੀ ਜ਼ਰੂਰਤ ਹੈ। ਇਸ ਅਵਸਰ ਤੇ ਕੈਨੇਡਾ ਤੋਂ ਆਏ ਡਾ. ਸੀ. ਆਰ. ਬੈਕਟਰ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਐਸ. ਸੀ. ਵੈਦਿਆ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਕਾਨਫਰੰਸ ਦੌਰਾਨ ਡਾ. ਆਰ. ਕੇ. ਕੋਹਲੀ ਨੂੰ ਪੀ.ਸੀ.ਐਮ.ਏ. ਵੱਲੋਂ “ਮੈਨੇਜਮੈਂਟ ਐਕਸੀਲੈਂਸ ਅਵਾਰਡ“ ਨਾਲ ਸਨਮਾਨਿਤ ਕੀਤਾ ਗਿਆ।
ਕਰਨਲ ਕਰਮਿੰਦਰ ਸਿੰਘ (ਸੇਵਾਮੁਕਤ), ਮੈਂਬਰ, ਮੋਦੀ ਐਜੂਕੇਸ਼ਨ ਸੋਸਾਇਟੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਕਾਰਵਾਈ ਮੋਦੀ ਕਾਲਜ ਦੇ ਡੀਨ (ਕਾਮਰਸ), ਪ੍ਰੋਫੈਸਰ ਨਿਰਮਲ ਸਿੰਘ ਅਤੇ ਪੀ.ਸੀ.ਐਮ.ਏ. ਦੇ ਮੀਤ ਪ੍ਰਧਾਨ ਡਾ. ਅਸ਼ਵਨੀ ਭੱਲਾ (ਲੁਧਿਆਣਾ) ਨੇ ਬਾਖੂਬੀ ਨਿਭਾਈ।
ਇਸ ਕਾਫਰੰਸ ਵਿਚ ਕੈਨੇਡਾ, ਅਫ਼ਰੀਕਾ ਅਤੇ ਇਥੋਪੀਆਂ ਤੋਂ ਵੀ ਡੈਲੀਗੇਟਾਂ ਨੇ ਸ਼ਿਰਕਤ ਕੀਤੀ। ਸ਼ਾਮ ਦੇ ਤਕਨੀਕੀ ਸੈਸ਼ਨ ਵਿੱਚ 14 ਖੋਜਾਰਥੀਆਂ ਨੇ ਵੱਖ-ਵੱਖ ਪੇਪਰ ਪੇਸ਼ ਕੀਤੇ।
ਪ੍ਰਿੰਸੀਪਲ



