ਜ਼ਿਲਾ ਪ੍ਰਸ਼ਾਸਨ ਪਟਿਆਲਾ ਤੋਂ ਮਿਲੇ ਨਿਰਦੇਸ਼ਾਂ ਅਨੁਸਾਰ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਨੌਜਵਾਨ ਵੋਟਰਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ ਹਿੱਤ *ਮੋਦੀ ਕਾਲਜ ਦਾ ਯੂਥ, ਜਾਵੇਗਾ ਬੂਥ* ਨਾਅਰੇ ਹੇਠ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਵੱਲੋਂ ਬੈਨਰ ਤੇ ਦਸਤਖ਼ਤ ਕਰਕੇ ਕੀਤੀ ਗਈ। ਉਨ੍ਹਾਂ ਹਾਜ਼ਰ ਨੌਜਵਾਨਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਆਪਣੀ ਵੋਟ ਪਾਉਣ ਤੋਂ ਪਹਿਲਾਂ ਉਮੀਦਵਾਰਾਂ ਬਾਰੇ ਸੰਚਾਰ ਸਾਧਨਾਂ ਤੋਂ ਜਾਣਕਾਰੀ ਜ਼ਰੂਰ ਪ੍ਰਾਪਤ ਕਰ ਲੈਣ। ਉਮੀਦਵਾਰਾਂ ਦੀ ਪੁਰਾਣੀ ਕਾਰਗੁਜ਼ਾਰੀ ਅਤੇ ਉਸ ਨਾਲ ਸੰਬੰਧਿਤ ਸਾਰੇ ਪੱਖਾਂ ਬਾਰੇ ਜਾਣਕਾਰੀ ਵੋਟ ਪਾਉਣ ਤੋਂ ਪਹਿਲਾਂ ਹਾਸਲ ਕਰ ਲੈਣ, ਕਿਉਂਕਿ ਚੋਣਾਂ ਨੇ ਹੀ ਦੇਸ਼ ਦਾ ਭਵਿੱਖ ਤੈਅ ਕਰਨਾ ਹੈ। ਇਸ ਸਮੇਂ ਕਾਲਜ ਦੇ ਨੋਡਲ-ਅਫ਼ਸਰ, ਤੇ ਡੀਨ, ਵਿਦਿਆਰਥੀ ਭਲਾਈ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਅਤੇ ਕੈਂਪ ਅੰਬੈਸਡਰ ਕ੍ਰਿਸ਼ਨ ਕਾਂਤ ਸਿੰਘ ਬੀ.ਏ. ਭਾਗ ਪਹਿਲਾ ਅਤੇ ਨਵਜੋਤ ਕੌਰ ਬੀ.ਏ. ਭਾਗ ਦੂਜਾ ਨੇ ਹਾਜ਼ਰ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ।