ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ‘ਰਸਾਇਣ, ਜੀਵ ਅਤੇ ਵਾਤਾਵਰਣ ਵਿਗਿਆਨਾਂ ਵਿੱਚ ਉੱਭਰ ਰਹੇ ਨਵੇਂ ਰੁਝਾਨ’ ਵਿਸ਼ੇ ਤੇ ਦੋਰੋਜ਼ਾ ਕੌਮੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦਾ ਉਦਘਾਟਨ ਥਾਪਰ ਯੂਨੀਵਰਸਿਟੀ, ਪਟਿਆਲਾ ਦੇ ਨਿਰਦੇਸ਼ਕ ਡਾ. ਪ੍ਰਕਾਸ਼ ਗੋਪਾਲਨ ਨੇ ਕੀਤਾ। ਉਨ੍ਹਾਂ ਕਿਹਾ ਕਿ ਸੱਤ ਸਾਲਾਂ ਤੋਂ ਲਗਾਤਾਰ ਕੌਮੀ ਕਾਨਫਰੰਸ ਕਰਵਾਉਣਾ ਮੋਦੀ ਕਾਲਜ ਦਾ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ। ਡਾ. ਗੋਪਾਲਨ ਨੇ ਕਿਹਾ ਕਿ ਸੰਸਾਰ ਵਿੱਚ ਦਿਨ ਪ੍ਰਤੀ ਦਿਨ ਵਾਤਾਵਰਣ ਗੰਧਲਾ ਹੋ ਰਿਹਾ ਹੈ, ਪ੍ਰਦੂਸ਼ਨ ਫੈਲ ਰਿਹਾ ਹੈ, ਬਿਮਾਰੀਆਂ ਵਧ ਰਹੀਆਂ ਹਨ। ਵਿਦਵਾਨ ਵਕਤਾ ਨੇ ਕਿਹਾ ਕਿ ਮਨੁੱਖੀ ਸਿਹਤ ਵਾਤਾਵਰਣਕ ਪ੍ਰਦੂਸ਼ਨ ਤੋਂ ਬਚਾਉਣ ਵਾਲੀਆਂ ਵਿਗਿਆਨਕ ਤਕਨੀਕਾਂ ਦੀ ਵਰਤੋਂ ਕਰਕੇ ਇਸ ਵਿੱਚ ਆ ਰਹੇ ਵਿਗਾੜ ਨੂੰ ਠੱਲ ਪਾਈ ਜਾ ਸਕਦੀ ਹੈ। ਵਿਗਿਆਨ ਦੇ ਖੇਤਰ ਵਿੱਚ ਖੋਜਣ ਲਈ ਅਜੇ ਬਹੁਤ ਕੁਝ ਬਾਕੀ ਹੈ। ਡਾ. ਗੋਪਾਲਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਖੋਜ ਪੱਤਰਾਂ ਦੀ ਵੱਡੀ ਗਿਣਤੀ ਦੀ ਬਜਾਏ ਅਜਿਹੀ ਮਿਆਰੀ ਖੋਜ ਨੂੰ ਉਤਸ਼ਾਹਿਤ ਕੀਤਾ ਜਾਵੇ ਜਿਸ ਨਾਲ ਸਮਾਜ ਅਤੇ ਮਾਨਵਤਾ ਦੀ ਭਲਾਈ ਹੋ ਸਕੇ। ਅਜਿਹੀ ਖੋਜ ਦਾ ਮਕਸਦ ਦੇਸ਼ ਵਾਸੀਆਂ ਅੰਦਰ ਵਿਗਿਆਨਕ ਨਜ਼ਰੀਆ ਪੈਦਾ ਕਰਨਾ ਹੋਣਾ ਚਾਹੀਦਾ ਹੈ।

ਸਵਾਗਤੀ ਸ਼ਬਦ ਬੋਲਦਿਆਂ ਕਾਲਜ ਦੇ ਪਿ੍ਰੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਆਂ ਵਿਗਿਆਨਕ ਖੋਜਾਂ ਦੇ ਰੂਬਰੂ ਕਰਾਉਣ ਦੇ ਮੰਤਵ ਨਾਲ ਕਾਲਜ ਵਿੱਚ ਇਹ ਸੱਤਵੀਂ ਸਾਲਾਨਾ ਕੌਮੀ ਕਾਨਫਰੰਸ ਆਯੋਜਿਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹੁਣ ਫ਼ਿਰ ਮੁਢਲੇ ਵਿਗਿਆਨਾਂ ਦੀ ਪੜ੍ਹਾਈ ਵਿੱਚ ਵਿਦਿਆਰਥੀਆਂ ਦੀ ਰੁਚੀ ਵੱਧ ਰਹੀ ਹੈ ਜੋ ਵਿਗਿਆਨਕ ਖੋਜ ਦੇ ਵਿਕਾਸ ਲਈ ਆਸ ਦੀ ਕਿਰਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੋਦੀ ਕਾਲਜ ਵੱਲੋਂ ਵਿਗਿਆਨਕ ਵਿਸ਼ਿਆਂ ਦੀ ਇੱਕ ਖੋਜ ਪੱਤਰਿਕਾ ਜਲਦ ਹੀ ਪ੍ਰਕਾਸ਼ਿਤ ਕਰਵਾਈ ਜਾਵੇਗੀ।

ਥਾਪਰ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਡਾ. ਸੁਸ਼ੀਲ ਮਿੱਤਲ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਕਿਹਾ ਕਿ ਝੋਨੇ ਅਤੇ ਕਣਕ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਸਾੜਨ ਨਾਲ ਮਨੁੱਖੀ ਸਿਹਤ ਉੱਪਰ ਬਹੁਤ ਮਾਰੀ ਅਸਰ ਪੈ ਰਿਹਾ ਹੈ। ਥਾਪਰ ਯੂਨੀਵਰਸਿਟੀ ਦੀ ਅਗਵਾਈ ਵਿੱਚ ਕੀਤੀ ਖੋਜ ਉਪਰੰਤ ਇਹ ਤੱਥ ਸਾਹਮਣੇ ਆਏ ਹਨ ਕਿ ਕੰਬਾਈਨਾਂ ਨਾਲ ਕੀਤੀ ਕਟਾਈ ਅਤੇ ਪਰਾਲੀ ਸਾੜਨ ਕਾਰਨ ਪ੍ਰਦੂਸ਼ਿਤ ਹੋਈ ਹਵਾ ਵਿਚਲੇ ਅਨੇਕਾਂ ਸੂਖਮ ਕਣ ਮਨੁੱਖੀ ਸਾਹ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਖਾਸ ਕਰਕੇ ਛੋਟੀ ਉਮਰ ਦੇ ਬੱਚੇ ਇਸ ਪ੍ਰਦੂਸ਼ਨ ਦਾ ਵਧੇਰੇ ਸ਼ਿਕਾਰ ਹੁੰਦੇ ਹਨ। ਡਾ. ਮਿੱਤਲ ਨੇ ਜ਼ੋਰ ਦੇ ਕੇ ਕਿਹਾ ਕਿ ਪਰਾਲੀ ਆਦਿ ਨੂੰ ਸਾੜਨ ਦੀ ਬਜਾਏ ਨਵੀਆਂ ਖੇਤੀਵਿਗਿਆਨਕ ਤਕਨੀਕਾਂ ਅਪਣਾ ਕੇ ਵਾਤਾਵਰਨ ਅਤੇ ਮਨੁੱਖੀ ਸਿਹਤ ਨੂੰ ਬਚਾਉਣਾ ਫੌਰੀ ਲੋੜ ਹੈ।

ਅਮਰੀਕਾ ਤੋਂ ਆਏ ਵਿਗਿਆਨੀ ਡਾ. ਅਨਿਲ ਕੁਮਾਰ ਸ਼ਰਮਾ ਨੇ ਡਾਕਟਰੀ ਵਿਗਿਆਨ ਦੇ ਖੇਤਰ ਵਿੱਚ ਹੋ ਰਹੀਆਂ ਨਵੀਨਤਮ ਖੋਜਾਂ ਦੀ ਜਾਣਕਾਰੀ ਦਿੱਤੀ। ਮੌਲਾਨਾ ਯੂਨੀਵਰਸਿਟੀ ਦੇ ਡਾ. ਅਨਿਲ ਕੁਮਾਰ ਨੇ ਦੱਸਿਆ ਕਿ ਛਾਤੀ ਦਾ ਕੈਂਸਰ ਹੁਣ ਸੰਸਾਰ ਦੇ ਲਗਭਗ ਸਾਰੇ ਮੁਲਕਾਂ ਵਿੱਚ ਫੈਲ ਰਿਹਾ ਹੈ। ਇਸ ਬਿਮਾਰੀ ਬਾਰੇ ਜਾਗਰੂਕ ਹੋ ਕੇ ਬਿਮਾਰੀ ਦੇ ਸ਼ੁਰੂ ਵਿੱਚ ਹੀ ਇਸ ਦਾ ਇਲਾਜ ਕਰਾਉਣਾ ਚਾਹੀਦਾ ਹੈ। ਸੰਸਾਰ ਪੱਧਰ ਤੇ ਕੈਂਸਰ ਦੇ ਇਲਾਜ ਲਈ ਨਵੀਂਆਂ ਤਕਨੀਕਾਂ ਅਤੇ ਦਵਾਈਆਂ ਲੱਭ ਲਈਆਂ ਗਈਆਂ ਹਨ। ਪੰਜਾਬ ਯੂਨੀਵਰਸਿਟੀ ਤੋਂ ਆਏ ਡਾ. ਸੁਭਾਸ਼ ਚੰਦਰ ਸਾਹੂ ਨੇ ਦੱਸਿਆ ਕਿ ਪ੍ਰਕਾਸ਼ ਅਤੇ ਤਾਪ ਦੀ ਊਰਜਾ ਨੂੰ ਯਾਂਤਰਿਕ ਊਰਜਾ ਵਿੱਚ ਤਬਦੀਲ ਕਰਕੇ ਅਨੇਕਾਂ ਲਾਭਦਾਇਕ ਕਾਰਜਾਂ ਵਿੱਚ ਵਰਤਿਆ ਜਾ ਸਕਦਾ ਹੈ।

ਇਸ ਅਵਸਰ ਤੇ ਇੱਕ ਐਬਸਟ੍ਰੈਕਟ ਪੁਸਤਿਕਾ ਵੀ ਰਿਲੀਜ਼ ਕੀਤੀ ਗਈ।

ਕਾਨਫਰੰਸ ਦੇ ਕੋਆਰਡੀਨੇਟਰ ਡਾ. ਵਿਨੇ ਜੈਨ ਅਤੇ ਕਨਵੀਨਰ ਡਾ. ਰਾਜੀਵ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਇਸ ਕਾਨਫਰੰਸ ਵਿੱਚ 50 ਖੋਜਾਰਥੀਆਂ ਨੇ ਪੋਸਟਰ ਪੇਸ਼ਕਾਰੀਆਂ ਅਤੇ 50 ਤੋਂ ਵਧੇਰੇ ਨੇ ਜ਼ਬਾਨੀ ਪੇਸ਼ਕਾਰੀਆਂ ਵਿੱਚ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦੇ ਮੁਲਾਂਕਣ ਲਈ ਪ੍ਰੋ. ਅਰੁਣਾ ਭਾਟੀਆ, ਡਾ. ਬਲਵਿੰਦਰ ਸਿੰਘ ਸੂਚ ਅਤੇ ਡਾ. ਰਮੇਸ਼ ਕਟਾਰੀਆ ਨੇ ਜੱਜਾਂ ਦੇ ਫਰਜ਼ ਨਿਭਾਏ।

ਡਾ. ਕੁਲਦੀਪ ਕੁਮਾਰ ਅਤੇ ਡਾ. ਸੰਜੇ ਕੁਮਾਰ (ਅੰਤਰਰਾਸ਼ਟਰੀ ਸੰਪਰਕ) ਨੇ ਕਾਨਫਰੰਸ ਦੇ ਪ੍ਰਬੰਧਕੀ ਸਕੱਤਰਾਂ ਵੱਜੋਂ ਫਰਜ਼ ਨਿਭਾਏ।

ਕਾਲਜ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਯਾਦਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਅਸ਼ਵਨੀ ਸ਼ਰਮਾ ਨੇ ਆਏ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ