ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਸਭਾ ਦਾ ਆਯੋਜਨ
ਪਟਿਆਲਾ: 24 ਸਤੰਬਰ 2026
ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ ‘ਪੰਜਾਬੀ ਸਾਹਿਤ ਸਭਾ’ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੋਸ਼ਟੀ ਦਾ ਉਦੇਸ਼ ਕਾਲਜ ਦੇ ਵਿਦਿਆਰਥੀਆਂ ਵਿੱਚ ਸਾਹਿਤਕ ਤੇ ਕਲਾਤਮਿਕ ਰੁਚੀਆਂ ਪੈਦਾ ਕਰਨ ਅਤੇ ਵਿਦਿਆਰਥੀਆਂ ਦੀ ਸਾਹਿਤਕ ਪ੍ਰਤਿਭਾ ਨੂੰ ਢੁੱਕਵਾਂ ਮੰਚ ਮੁਹੱਈਆ ਕਰਵਾਉਣਾ ਹੈ। ਇਸ ਗੋਸ਼ਟੀ ਵਿੱਚ ਵੱਖ-ਵੱਖ ਵਿਭਾਗਾਂ ਦੇ ਸਾਹਿਤ ਅਤੇ ਕਲਾ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ ।
ਇਸ ਮੌਕੇ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਜੀ ਨੇ ਜਿੱਥੇ ਵਿਦਿਆਰਥੀਆਂ ਦੀ ਕਲਾਤਮਿਕ ਪਹੁੰਚ ਉੱਤੇ ਪ੍ਰਸੰਨਤਾ ਜ਼ਾਹਿਰ ਕੀਤੀ ਓਥੇ ਨਵੇਂ ਕਲਾਕਾਰਾਂ ਦੀਆਂ ਸਿਰਜਣਾਤਮਕ ਰੁਚੀਆਂ ਦੀ ਭਰਪੂਰ ਸ਼ਲਾਘਾ ਵੀ ਕੀਤੀ। ਉਹਨਾਂ ਕਿਹਾ ਕਿ ਅਜੋਕੇ ਸਮੇਂ ਜਿੱਥੇ ਇੰਟਰਨੈੱਟ ਮਨੁੱਖੀ ਚੇਤਨਾ ‘ਚ ਗਿਆਨ ਦੇ ਸਰੋਤਾਂ ਵੱਜੋਂ ਨਵੇਂ ਵਿਸਥਾਰ ਸਿਰਜ ਰਿਹਾ ਹੈ, ਓਥੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਮਨੁੱਖੀ ਸਿਰਜਣਾ ਦੇ ਘੇਰੇ ਨੂੰ ਸੀਮਤ ਵੀ ਕਰ ਰਹੀ ਹੈ ਪਰ ਅਜਿਹੇ ਮੰਚ ਹੁਨਰ ਤੇ ਸਿਰਜਣਾ ਲਈ ਇਕ ਆਧਾਰ ਤੇ ਵਿਸਥਾਰ ਵਜੋਂ ਸਾਰਥਕ ਭੂਮਿਕਾ ਨਿਭਾਉਂਦੇ ਹਨ। ਉਹਨਾਂ ਕਿਹਾ ਕਿ ਮੋਦੀ ਕਾਲਜ ਮਿਆਰੀ ਸਿੱਖਿਆ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਨੂੰ ਸਹਿ-ਸਰਗਰਮੀਆਂ ਰਾਹੀਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਹਰ ਪੱਖ ਨੂੰ ਉਭਾਰਨ,ਨਿਖਾਰਨ ਲਈ ਲਈ ਹਮੇਸ਼ਾ ਵਚਨਬੱਧ ਹੈ।
ਪੰਜਾਬੀ ਵਿਭਾਗ ਦੇ ਮੁਖੀ ਡਾ. ਵੀਰਪਾਲ ਕੌਰ ਨੇ ਵਿਦਿਆਰਥੀ ਜੀਵਨ ਵਿੱਚ ਅਜਿਹੀਆਂ ਸਾਹਿਤਕ ਗੋਸ਼ਟੀਆਂ ਦੇ ਯੋਗਦਾਨ ਤੇ ਮਹੱਤਤਾ ਬਾਰੇ ਜ਼ਿਕਰ ਕਰਦਿਆਂ ਉਹਨਾਂ ਵਿਦਿਆਰਥੀਆਂ ਨਾਲ ਕਾਲਜ ਦੀ ਸਾਹਿਤਕ ਗੋਸ਼ਟੀ ਦੇ ਇਤਿਹਾਸ ਅਤੇ ਪ੍ਰਾਪਤੀਆਂ ਨੂੰ ਵੀ ਸਾਂਝਾ ਕੀਤਾ। ਉਹਨਾਂ ਕਿਹਾ ਕਿ ਜਿਹੜੇ ਵਿਦਿਆਰਥੀ ਸਿਲੇਬਸ ਦੀ ਪੜ੍ਹਾਈ ਤੋਂ ਇਲਾਵਾ ਅਜਿਹੀਆਂ ਸਰਗਰਮੀਆਂ ਦਾ ਹਿੱਸਾ ਬਣਦੇ ਹਨ ਉਹਨਾਂ ਦੀ ਸ਼ਖਸੀਅਤ ਬਾਕੀ ਵਿਦਿਆਰਥੀਆਂ ਨਾਲੋਂ ਵੱਖਰੇ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਰਮਿਤ ਹੁੰਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਅੱਜ ਦੇ ਵਿਸ਼ੇਸ਼ ਵਕਤਾ ਡਾਕਟਰ ਗੁਰਪ੍ਰੀਤ ਕੌਰ ਨੂੰ ਜੀ ਆਇਆ ਕਹਿੰਦੇ ਹੋਏ ਉਹਨਾਂ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਵੀ ਸਾਂਝੀ ਕੀਤੀ।
ਡਾਕਟਰ ਗੁਰਪ੍ਰੀਤ ਕੌਰ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਦਲੀਪ ਕੌਰ ਟਿਵਾਣਾ ਦੇ ਸਾਹਿਤਕ ਸਫ਼ਰ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਦੀ ਦਲੀਪ ਕੌਰ ਟਿਵਾਣਾ ਦੇ ਮੁੱਢਲੇ ਜੀਵਨ ਕਾਲ ਅਤੇ ਸਾਹਿਤਕ ਕਾਲ ਬਾਰੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ। ਇਸ ਸਮੇਂ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਸਾਹਿਤਕ ਰਚਨਾਵਾਂ ਨੂੰ ਸੂਖਮ ਅਤੇ ਸੂਝਮਈ ਢੰਗ ਨਾਲ ਪੇਸ਼ ਕੀਤਾ। ਵਿਦਿਆਰਥੀਆਂ ਨੇ ਇਹਨਾਂ ਰਚਨਾਵਾਂ ਰਾਹੀਂ ਵੱਖ-ਵੱਖ ਸਮਾਜਕ ਮੁੱਦਿਆਂ ਅਤੇ ਮਨੁੱਖੀ ਦੇ ਜੀਵਨ ਵਰਤਾਰਿਆਂ ਨੂੰ ਸੰਵੇਦਨਸ਼ੀਲਤਾ ਨਾਲ ਛੂਹਣ ਦਾ ਯਤਨ ਕੀਤਾ। ਸਾਹਿਤਕ ਵੰਨਗੀਆਂ ਦੀ ਪੇਸ਼ਕਾਰੀ ਵਾਲ਼ੇ ਵਿਦਿਆਰਥੀਆਂ ਵਿੱਚ ਗੁਰਜੰਟ ਸਿੰਘ, ਰੂਬਨਦੀਪ ਕੌਰ, ਗੌਤਮ ਵਰਮਾ, ਹਰਨੀਲ ਸਿੰਘ, ਦਮਨਜੀਤ ਸਿੰਘ, ਅੰਬਰਪ੍ਰੀਤ ਕੌਰ, ਅਨੀਕਾ ਗੌਤਮ, ਮੁਕੇਸ਼ ਕੁਮਾਰ, ਦੀਕਸ਼ਾ, ਹਰਮਿਲਨ ਸਿੰਘ ਤੇ ਰਮਨਜੋਤ ਕੌਰ ਸ਼ਾਮਲ ਹੋਏ। ਇਸ ਸਾਹਿਤਕ ਗੋਸ਼ਟੀ ਦੇ ਅੰਤ ਵਿੱਚ ਪੰਜਾਬੀ ਸਾਹਿਤ ਸਭਾ ਦੇ ਇੰਚਾਰਜ ਡਾ. ਦੀਪਕ ਕੁਮਾਰ ਨੇ ਰਸਮੀ ਤੌਰ ਉੱਤੇ ਧੰਨਵਾਦੀ ਸ਼ਬਦ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਸੰਜੀਦਗੀ ਨਾਲ ਸੋਚਣ, ਪੜ੍ਹਨ, ਲਿਖਣ ਅਤੇ ਇਸਦੇ ਭਵਿੱਖਮੁਖੀ ਆਦਰਸ਼ਾਂ ਵੱਲ ਸੇਧਿਤ ਹੋਣ ਲਈ ਪ੍ਰੇਰਿਤ ਕਰਦਿਆਂ ਸਭਨਾਂ ਦਾ ਧੰਨਵਾਦ ਕੀਤਾ। ਪੰਜਾਬੀ ਸਾਹਿਤ ਸਭਾ ਦੇ ਸਹਿ-ਇੰਚਾਰਜ ਪ੍ਰੋ. ਗੁਰਵਿੰਦਰ ਸਿੰਘ ਨੇ ਸਟੇਜ ਸੰਚਾਲਨ ਦਾ ਕਾਰਜ ਬਾਖ਼ੂਬੀ ਕੀਤਾ। ਇਸ ਮੌਕੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਤੋਂ ਇਲਾਵਾ ਬਾਕੀ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀ ਭਰਵੀਂ ਗਿਣਤੀ ਵਿੱਚ ਹਾਜ਼ਿਰ ਸਨ।