ਪਟਿਆਲਾ: 23 ਦਸੰਬਰ, 2015

ਸਾਲ 2013-14 ਦੌਰਾਨ ਖੇਡਾਂ ਦੇ ਖੇਤਰ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਦੇ ਖਿਡਾਰੀਆਂ ਦੀਆਂ ਉਚੇਰੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਾਲਜ ਦੇ ਖਿਡਾਰੀਆਂ ਨੂੰ ਲਗਭਗ ਸਾਢੇ ਚਾਰ ਲੱਖ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਮੌਕੇ ਕਾਲਜ ਵੱਲੋਂ ਸਾਲ ਦੌਰਾਨ ਹੋਏ ਅੰਤਰ ਕਾਲਜ ਖੇਡ ਮੁਕਾਬਲਿਆਂ ਵਿਚ ਓਵਰਆਲ ਜਨਰਲ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਹਾਸਲ ਕਰਨ ਲਈ ਕਾਲਜ ਨੂੰ 69,500 ਰੁਪਏ ਇਨਾਮ ਦੇ ਰੂਪ ਵਿਚ ਪ੍ਰਦਾਨ ਕੀਤੇ ਗਏ। ਇਸੇ ਤਰ੍ਹਾਂ ਅੰਤਰ ਕਾਲਜ ਮੁਕਾਬਲਿਆਂ ਵਿਚ ਕਾਲਜ ਦੀਆਂ ਟੀਮਾਂ ਦੀ ਸਭ ਤੋਂ ਵੱਧ ਸ਼ਮੂਲੀਅਤ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ 37,500 ਰੁਪਏ ਦਾ ਚੈਂਕ ਤੇ ਇਕ ਸ਼ਾਲ ਦੇ ਕੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।

ਕਾਲਜ ਦੇ 21 ਖਿਡਾਰੀਆਂ ਨੂੰ ਉਨ੍ਹਾਂ ਦੀਆਂ ਸੀਨੀਅਰ ਨੈਸ਼ਨਲ ਅਤੇ ਆਲ ਇੰਡੀਆ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਵਿਚ ਕੀਤੀਆਂ ਵਿਅਕਤੀਗਤ ਪ੍ਰਾਪਤੀਆਂ ਲਈ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

ਕਾਲਜ ਦੀ ਪ੍ਰਿਅੰਕਾ (ਸਾਈਕਲਿੰਗ) ਨੂੰ 65000 ਰੁਪਏ, ਲਵਜੋਤ ਸਿੰਘ (ਤੀਰਅੰਦਾਜ਼ੀ) ਨੂੰ 60,000 ਰੁਪਏ, ਸੁਖਬੀਰ ਸਿੰਘ (ਤੀਰਅੰਦਾਜ਼ੀ) ਨੂੰ 37,000 ਰੁਪਏ, ਪੂਜਾ ਚੌਧਰੀ (ਜੂਡੋ) ਨੂੰ 37,000 ਰੁਪਏ, ਜਸਪ੍ਰੀਤ ਸਿੰਘ (ਤੀਰਅੰਦਾਜ਼ੀ) ਨੂੰ 30,000 ਰੁਪਏ, ਨੀਲਮ ਰਾਣੀ (ਤਲਵਾਰਬਾਜ਼ੀ) ਨੂੰ 30,000 ਰੁਪਏ, ਨਿੰਦਰਜੀਤ ਕੌਰ (ਮੁੱਕੇਬਾਜ਼ੀ ਅਤੇ ਰੱਸਾਕਸ਼ੀ) ਨੂੰ 21,000 ਰੁਪਏ ਦੇ ਚੈਂਕ ਪ੍ਰਦਾਨ ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਅਕਾਸ਼ਦੀਪ ਸਿੰਘ (ਐਥਲੈਟਿਕਸ), ਅਮਨਦੀਪ ਕੌਰ (ਰੱਸਾਕਸ਼ੀ), ਕੁਮਾਰ ਗੌਰਵ (ਸਾਈਕਲਿੰਗ), ਅਰਸ਼ਦੀਪ (ਸਾਈਕਲਿੰਗ), ਗੁਰਜੰਟ ਸਿੰਘ (ਸਾਈਕਲਿੰਗ), ਜਗਜੀਤ ਸਿੰਘ (ਬੈਸਟ ਫ਼ਿਜ਼ੀਕ), ਜਗਮੀਤ ਕੌਰ (ਮੁੱਕੇਬਾਜ਼ੀ) ਨੂੰ 15,000 ਰੁਪਏ ਪ੍ਰਤਿ ਖਿਡਾਰੀ ਇਨਾਮ ਰਾਸ਼ੀ ਪ੍ਰਦਾਨ ਕੀਤੀ ਗਈ। ਜਸ਼ਨਦੀਪ ਸਿੰਘ (ਸਾਈਕਲਿੰਗ), ਹੇਮੰਤ ਕੁਮਾਰ (ਯੋਗਾ) ਅਤੇ ਅਰਚਨਾ ਰਾਣੀ (ਤਾਇਕਵੋਂਡੋ) ਨੂੰ 12,000 ਰੁਪਏ ਪ੍ਰਤੀ ਖਿਡਾਰੀ ਅਤੇ ਪਵਨਦੀਪ (ਤਲਵਾਰਬਾਜ਼ੀ), ਵਸ਼ਿਸ਼ਟ ਗਿੱਲ (ਜੂਡੋ), ਰੀਤਪਾਲ ਸਿੰਘ (ਨਿਸ਼ਾਨੇਬਾਜ਼ੀ) ਤੇ ਵੀਰਪਾਲ ਕੌਰ (ਮੁੱਕੇਬਾਜ਼ੀ) ਨੂੰ ਪ੍ਰਤੀ ਖਿਡਾਰੀ 9,000 ਰੁਪਏ ਦੇ ਚੈਂਕ ਦੇ ਕੇ ਸਨਮਾਨਿਤ ਕੀਤਾ ਗਿਆ।

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ, ਕਾਲਜ ਖੇਡ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ, ਖੇਡ ਅਫ਼ਸਰ ਸ. ਨਿਸ਼ਾਨ ਸਿੰਘ ਅਤੇ ਮਿਸ ਮਨਦੀਪ ਕੌਰ ਨੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਮੌਕੇ ਕਿਹਾ ਕਿ ਖੇਡਾਂ ਜਿਥੇ ਨੌਜਵਾਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਵਿਚ ਸਹਾਈ ਹੁੰਦੀਆਂ ਹਨ, ਉਥੇ ਅਜੋਕੇ ਦੌਰ ਵਿਚ ਖੇਡਾਂ ਨੂੰ ਕਿੱਤੇ ਵਜੋਂ ਅਪਣਾ ਕੇ ਵੀ ਬੁਲੰਦੀਆਂ ਨੂੰ ਛੂਹਿਆ ਜਾ ਸਕਦਾ ਹੈ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ