ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਚ ਇਕ ਸਾਦੇ ਸਮਾਰੋਹ ਵਿਚ ਖੇਡਾਂ ਦੇ ਖੇਤਰ ਵਿਚ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਖਿਡਾਰੀਆਂ ਨੂੰ ਉਚੇਰੀਆਂ ਪ੍ਰਾਪਤੀਆਂ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਦੇ ਨਾਲ ਨਾਲ ਅਕਾਦਮਿਕ ਖੇਤਰ ਵਿਚ ਅੱਗੇ ਵਧਣਾ ਬਹੁਤ ਜ਼ਰੂਰੀ ਹੈ ਤਾਂ ਹੀ ਖੇਡਾਂ ਦੀਆਂ ਪ੍ਰਾਪਤੀਆਂ ਦਾ ਪੂਰਾ ਮੁੱਲ ਪੈਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਧਾਰਨਾ ਗ਼ਲਤ ਹੈ ਕਿ ਖਿਡਾਰੀ ਵਿਗਿਆਨਕ ਵਿਸ਼ਿਆਂ ਦੀ ਪੜ੍ਹਾਈ ਸਮਝਣ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਫੈਂਸਿੰਗ, ਫੁੱਟਬਾਲ, ਕ੍ਰਿਕਟ ਤੇ ਹੋਰ ਅਜਿਹੀਆਂ ਖੇਡਾਂ ਵਿਚ ਜਿੰਨੀ ਤੇਜ਼ੀ ਤੇ ਫੁਰਤੀ ਨਾਲ ਖਿਡਾਰੀ ਘੱਟੋ ਘੱਟ ਸਮੇਂ ਵਿਚ ਗਿਣਤੀਆਂ-ਮਿਣਤੀਆਂ ਕਰਦਾ ਹੈ ਤੇ ਫੈਸਲੇ ਲੈਂਦਾ ਹੈ, ਉਹ ਤਾਂ ਸਾਇੰਸ ਤੇ ਗਣਿਤ ਦਾ ਇਕ ਸਧਾਰਨ ਵਿਦਿਆਰਥੀ ਵੀ ਨਹੀਂ ਕਰ ਸਕਦਾ। ਇਸ ਲਈ ਖਿਡਾਰੀ ਪੜ੍ਹਾਈ ਨੂੰ ਔਖਾ ਨਾ ਸਮਝਣ ਤੇ ਖੇਡਾਂ ਦੇ ਨਾਲ ਨਾਲ ਇਮਤਿਹਾਨਾਂ ਵਿਚ ਵੀ ਚੰਗੀ ਕਾਰਗੁਜ਼ਾਰੀ ਵਿਖਾਉਣ।

ਇਸ ਅਵਸਰ ਤੇ ਕਾਲਜ ਦੀ ਖੇਡ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਕਾਲਜ ਦੇ ਖਿਡਾਰੀ 2008 ਤੋਂ 2012 ਤੱਕ ਪੰਜਾਬੀ ਯੂਨੀਵਰਸਿਟੀ ਦੀ *ਯਾਦਵਿੰਦਰਾ ਸਿੰਘ ਓਵਰਆਲ ਚੈਂਪੀਅਨਸ਼ਿਪ (ਲੜਕੇ) ਟਰਾਫ਼ੀ* ਲਗਾਤਾਰ ਪ੍ਰਾਪਤ ਕਰਦੇ ਆ ਰਹੇ ਹਨ ਜਦ ਕਿ 2010 ਤੋਂ 2012 ਤੱਕ ਦੋ ਸਾਲ ਲਈ *ਰਾਜਕੁਮਾਰੀ ਅੰਮ੍ਰਿਤ ਕੌਰ ਓਵਰਆਲ ਚੈਂਪੀਅਨਸ਼ਿਪ ਟਰਾਫੀ (ਲੜਕੀਆਂ)* ਵੀ ਕਾਲਜ ਦੀਆਂ ਖਿਡਾਰਨਾਂ ਨੇ ਜਿੱਤੀ ਹੈ। ਪੰਜਾਬੀ ਯੂਨੀਵਰਸਿਟੀ ਵੱਲ ਕੌਮੀ ਪੱਧਰ ਤੇ ਪ੍ਰਾਪਤ ਕੀਤੀ ਮਾਕਾ ਟਰਾਫ਼ੀ ਵਿੱਚ ਵੀ ਕਾਲਜ ਦੇ ਖਿਡਾਰੀਆਂ ਦਾ ਯੋਗਦਾਨ ਪੰਜਾਬੀ ਯੂਨੀਵਰਸਿਟੀ ਵਿੱਚ ਦੂਜੇ ਸਥਾਨ ਤੇ ਰਿਹਾ ਹੈ। ਕਾਲਜ ਦੇ ਖਿਡਾਰੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਦਾ ਸਨਮਾਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਸਾਲਾਨਾ ਖੇਡ ਸਮਾਰੋਹ ਮੌਕੇ ਕਾਲਜ ਨੂੰ 2 ਲੱਖ 34 ਹਜ਼ਾਰ ਦੀ ਰਾਸ਼ੀ ਭੇਟ ਕੀਤੀ ਅਤੇ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਵਿਅਕਤੀਗਤ ਇਨਾਮਾਂ ਨਾਲ ਸਮਨਮਾਨਿਆ।
ਅੱਜ ਦੇ ਇਸ ਸਮਾਰੋਹ ਵਿੱਚ ਅੰਡਰ-19 ਏਸ਼ੀਆ ਕ੍ਰਿਕਟ ਕੱਪ ਦਾ ਜੇਤੂ ਖਿਡਾਰੀ ਕਰਨ ਕੈਲਾ, ਅੰਤਰ-ਯੂਨੀਵਰਸਿਟੀ ਫੈਂਸਿੰਗ ਦੀ ਗੋਲਡ ਮੈਡਲਿਸਟ ਨੀਲਮ ਰਾਣੀ, ਸਾਇਕਲਿੰਗ ਦਾ ਕੌਮੀ ਖਿਡਾਰੀ ਜਸ਼ਨਪ੍ਰੀਤ, ਮੋਹਿਤ, ਮੁੱਕੇਬਾਜ਼ੀ ਦੀ ਨੈਨਾ ਰਾਣੀ ਤੇ ਜਗਮੀਤ ਕੌਰ ਅਤੇ ਤੀਰ ਅੰਦਾਜ਼ੀ ਦਾ ਲਵਜੋਤ ਸਿੰਘ ਤੇ ਤਾਇਕਵਾਂਡੋ ਦੀ ਕੌਮੀ ਖਿਡਾਰਨ ਅਰਚਨਾ ਰਾਣੀ ਉਚੇਚੇ ਤੌਰ ਤੇ ਹਾਜ਼ਰ ਸਨ।
ਇਸ ਅਵਸਰ ਤੇ ਕਾਲਜ ਦੇ ਬਰਸਰ ਪ੍ਰੋ. ਨਿਰਮਲ ਸਿੰਘ ਅਤੇ ਰਜਿਸਟਰਾਰ ਡਾ. ਹਰਚਰਨ ਸਿੰਘ ਨੇ ਵੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਕਾਲਜ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ। ਕਾਲਜ ਦੇ ਖੇਡ ਅਫ਼ਸਰ ਸ. ਨਿਸ਼ਾਨ ਸਿੰਘ ਅਤੇ ਖੇਡ ਇੰਚਾਰਜ ਮਨਦੀਪ ਕੌਰ ਦੀਆਂ ਮਿਸਾਲੀ ਸੇਵਾਵਾਂ ਅਤੇ ਖਿਡਾਰੀਆਂ ਨੂੰ ਤਿਆਰ ਕਰਵਾਉਣ ਲਈ ਕੀਤੀ ਮਿਹਨਤ ਦੀ ਭਰਪੂਰ ਪ੍ਰਸੰਸਾ ਕੀਤੀ ਗਈ।