7 Day NSS Camp Concluded

ਪਟਿਆਲਾ: 02 ਅਕਤੂਬਰ, 2015
ਮੁਲਤਾਨੀ ਮੱਲ ਮੋਦੀ ਕਾਲਜ ਵਿਚ ਸਵੱਛ ਭਾਰਤ ਮਿਸ਼ਨ ਅਧੀਨ ਚਲ ਰਿਹਾ ਸੱਤ-ਰੋਜ਼ਾ ਵਿਸ਼ੇਸ਼ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਕੈਂਪ ਸਮਾਪਤ ਹੋਇਆ। ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ ਅਤੇ ਪ੍ਰੋ. ਜਗਦੀਪ ਕੌਰ ਦੀ ਅਗੁਵਾਈ ਹੇਠ ਲਗਾਏ ਗਏ ਇਸ ਕੈਂਪ ਵਿਚ 120 ਤੋਂ ਵੱਧ ਵਲੰਟੀਅਰਾਂ ਅਤੇ 10 ਅਧਿਆਪਕਾਂ ਨੇ ਸਰਗਰਮੀ ਨਾਲ ਸ਼ਮੂਲੀਅਤ ਕੀਤੀ। ਇਸ ਕੈਂਪ ਦੌਰਾਨ ਅਧਿਕਾਰੀਆਂ ਵੱਲੋਂ ਜਿਥੇ ਵਿਦਿਆਰਥੀਆਂ ਅੰਦਰ ਸਵੱਛ ਭਾਰਤ ਮੁਹਿੰਮ ਤਹਿਤ ਹੱਥੀਂ ਕੰਮ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਯਤਨ ਕੀਤਾ ਗਿਆ ਉਥੇ ਨਾਲ ਹੀ ਸਮਾਜ ਤੇ ਮਾਨਵਤਾ ਸਾਹਮਣੇ ਖੜ੍ਹੀਆਂ ਚੁਣੌਤੀਆਂ ਪ੍ਰਤੀ ਨੋਜਾਵਾਨਾਂ ਨੂੰ ਜਾਗਰੂਕ ਕਰਾਕੇ ਨਰੋਏ ਸਮਾਜ ਦੀ ਸਿਰਜਣਾ ਦੀ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ। ਕੈਂਪ ਦੌਰਾਨ ਵਿਦਿਆਰਥੀਆਂ ਨੇ ਕਾਲਜ ਦੇ ਕਮਰਿਆਂ ਦੀ ਸਾਫ਼ ਸਫ਼ਾਈ ਕੀਤੀ। ਕਾਲਜ ਦੀ ਕੈਮਿਸਟਰੀ ਲੈਬ ਦੇ ਪਿਛਲੇ ਲਾਅਨ ਦੀ ਸਾਫ਼ ਸਫ਼ਾਈ ਕਰਕੇ ਉਸਦੀ ਖ਼ੂਬਸੂਰਤ ਲੈਂਡ ਸਕੈਪਿੰਗ ਵੀ ਕੀਤੀ। ਕੈਂਪ ਦਿਨਾਂ ਦੌਰਾਨ ਵਲੰਟੀਅਰ ਆਪਣੇ ਹੱਥੀਂ ਲੰਗਰ ਤਿਆਰ ਕਰਦੇ ਰਹੇ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕੌਮੀ ਸੇਵਾ ਯੋਜਨਾ ਦੇ ਕੈਂਪਾਂ ਦੀ ਅਹਿਮੀਅਤ ਬਾਰੇ ਦੱਸਿਆ ਕਿ ਵਿਦਿਆਰਥੀਆਂ ਅੰਦਰ ਮਿਹਨਤ ਕਰਨ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਅਤੇ ਸਮਾਜਕ ਬੁਰਾਈਆਂ ਵਿਰੁੱਧ ਲੜਨ ਲਈ ਨੌਜਵਾਨਾਂ ਨੂੰ ਤਿਆਰ ਕਰਨ ਵਿਚ ਅਜਿਹੇ ਕੈਂਪ ਵੱਡੀ ਭੂਮਿਕਾ ਨਿਭਾਉਂਦੇ ਹਨ।
ਕੈਂਪ ਦੇ ਵਲੰਟੀਅਰਾਂ ਅਤੇ ਅਧਿਆਪਕਾਂ ਨੇ ਇਕ ਦਿਨ ਸਾਂਈ ਬਿਰਧ ਆਸ਼ਰਮ, ਚੌਰਾ ਪਿੰਡ ਦਾ ਦੌਰਾ ਕੀਤਾ ਤੇ ਬਜ਼ੂਰਗਾਂ ਦੀ ਦੇਖਭਾਲ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਦੁੱਖ ਸੁੱਖ ਸੁਣੇ ਤੇ ਉਨ੍ਹਾਂ ਦੀ ਸਥਿਤੀ ਨੂੰ ਸਮਝਣ ਦਾ ਯਤਨ ਕੀਤਾ। ਕੈਂਪ ਦੌਰਾਨ ਵਲੰਟੀਅਰਾਂ ਨੇ ਖੇੜੀ ਗੁੱਜਰਾਂ ਦੀ ਸੜਕ ਦੇ ਆਲੇ ਦੁਆਲੇ ਸਫ਼ਾਈ ਕਰਨ ਤੋਂ ਬਾਅਦ 250 ਤੋਂ ਵੱਧ ਛਾਂ ਦਾਰ ਅਤੇ ਫੱਲਦਾਰ ਪੌਧੇ ਵੀ ਲਗਾਏ।
ਕੈਂਪ ਦੇ ਵਿਦਾਇਗੀ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਕੋਹੜ ਨੂੰ ਸਮਾਜ ਵਿਚੋਂ ਖ਼ਤਮ ਕਰਨ ਦਾ ਸੰਕਲਪ ਲੈਣ ਲਈ ਕਿਹਾ। ਡਾ. ਪਰਮਵੀਰ ਸਿੰਘ ਨੇ ਜਾਨ ਬਚਾਉਣ ਵਿਚ ਮੁੱਢਲੀ ਸਹਾਇਤਾ (ਫ੍ਰਸਟ ਏਡ) ਦੇ ਮਹੱਤਵ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਵਿਚ ਹਰ ਸਾਲ 73 ਲੱਖ ਲੋਕ ਫਸਟ ਏਡ ਨਾ ਮਿਲਣ ਕਾਰਨ ਜਾਨ ਗਵਾ ਬੈਠਦੇ ਹਨ। ਕੈਂਪ ਦੌਰਾਨ ਵੱਖ-ਵੱਖ ਸਰਗਰਮੀਆਂ ਦੌਰਾਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਲੰਟੀਅਰਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਕਾਲਜ ਦੇ ਪ੍ਰਕਾਸ਼ ਦੁਲਾਲ, ਹਿਮਾਂਸ਼ੀ, ਚਮਕੌਰ ਸਿੰਘ, ਸ਼ਿਪਰਾ ਤੇ ਸਤਨਾਮ ਸਿੰਘ ਨੂੰ ਇਸ ਕੈਂਪ ਦੇ *ਸਰਵੋਤਮ ਵਲੰਟੀਅਰਾਂ* ਵਜੋਂ ਸਨਮਾਨਿਤ ਕੀਤਾ ਗਿਆ। ਇਸ ਕੈਂਪ ਵਿੱਚ ਥੈਲੇਸੇਮੀਆਂ ਵਾਲੇ ਵਲੰਟੀਅਰ ਭਵਨ ਬਤਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ. ਰਾਜੀਵ ਸ਼ਰਮਾ ਤੇ ਪ੍ਰੋ. ਜਗਦੀਪ ਕੌਰ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰਾਂ ਦੀ ਅਗਵਾਈ ਵਿੱਚ ਲੱਗੇ ਇਸ ਕੈਂਪ ਵਿਚ ਕਾਲਜ ਦੇ ਅਧਿਆਪਕਾਂ ਡਾ. ਦਵਿੰਦਰ ਸਿੰਘ, ਡਾ. ਵੀਰਪਾਲ ਕੌਰ, ਡਾ. ਜਸਪ੍ਰੀਤ ਕੌਰ, ਮਿਸ ਨੰਦਨੀ, ਪ੍ਰੋ. ਸੰਜੀਵ ਤੇ ਪ੍ਰੋ. ਗੁਰਪ੍ਰੀਤ ਸਿੰਘ ਨੇ ਵੀ ਬਹੁਤ ਦਿਲਚਸਪੀ ਨਾਲ ਹਿੱਸਾ ਲਿਆ।
ਪ੍ਰਸਿੱਧ ਸਮਾਜ ਸੇਵਕ ਕਾਕਾ ਰਾਮ ਵਰਮਾ ਨੇ ਮੁੱਢਲੀ ਸਹਾਇਤਾ (ਫਸਟ ਏਡ) ਬਾਰੇ ਕੁਝ ਮਹੱਤਵਪੂਰਨ ਨੁਕਤੇ ਵਲੰਟੀਅਰਾਂ ਨੂੰ ਸਮਝਾਏ। ਪ੍ਰੋ. ਨੀਨਾ ਸਿੰਗਲਾ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਨੇ ਵਾਤਾਵਰਨ ਬਚਾਓ ਅਤੇ ਪ੍ਰੋ. ਅੰਬੀਕਾ ਬੇਰੀ ਨੇ ਦਰਖ਼ਤ ਲਗਾਓ ਵਿਸ਼ੇ ਤੇ ਭਾਸ਼ਣ ਦਿੱਤੇ। ਪ੍ਰੋ. ਜਸ਼ਨਦੀਪ ਖੀਵਾ ਨੇ ਸ਼ਖ਼ਸੀਅਤ ਨਿਰਮਾਣ ਬਾਰੇ ਜਾਣਕਾਰੀ ਦਿੱਤੀ। ਕੈਂਪ ਵਿਚ ਭਾਗ ਲੈ ਰਹੇ ਵਲੰਟੀਅਰਾਂ ਨੂੰ ਵਿਸ਼ੇਸ਼ ਤੌਰ ਤੇ ਸਮਾਜ ਉਸਾਰੀ ਦੇ ਕੰਮਾਂ ਵਿੱਚ ਭਾਗ ਲੈਣ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਲਈ ਭਾਸ਼ਣਾਂ, ਗੀਤਾਂ, ਕਵਿਤਾਵਾਂ, ਵਾਦ-ਵਿਵਾਦ, ਸਕਿੱਟਾਂ ਅਤੇ ਨਾਟਕਾਂ ਰਾਹੀਂ ਪ੍ਰੇਰਿਆ ਗਿਆ। ਵਲੰਟੀਅਰਾਂ ਨੇ ਆਖ਼ਰੀ ਦਿਨ ਬਜ਼ੁਰਗਾਂ ਦਾ ਅੰਤਰਰਾਸ਼ਟਰੀ ਦਿਵਸ ਮਨਾਉਂਦਿਆਂ ਸੰਹੁ ਚੁੱਕੀ ਕਿ ਅਸੀਂ ਬਜ਼ੁਰਗਾਂ ਦਾ ਸਤਿਕਾਰ ਅਤੇ ਸੇਵਾ ਕਰਦੇ ਰਹਾਂਗੇ।
ਕੈਂਪ ਦੇ ਵਿਦਾਇਗੀ ਸੈਸ਼ਨ ਦੌਰਾਨ ਮੰਚ ਸੰਚਾਲਨ ਡਾ. ਰਾਜੀਵ ਸ਼ਰਮਾ ਨੇ ਕੀਤਾ। ਪ੍ਰੋ. ਬਲਵੀਰ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ।