ਯੂ.ਜੀ.ਸੀ. ਦੀ ਨੈਸ਼ਨਲ ਅਸੈਂਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਨੈਕ), ਬੰਗਲੌਰ ਵੱਲੋਂ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੂੰ 4.0 ਵਿਚੋਂ 3.26 ਸੀ.ਜੀ.ਪੀ.ਏ. ਅੰਕਾਂ ਨਾਲ ਏ ਗਰੇਡ ਪ੍ਰਦਾਨ ਕੀਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ ਕਾਲਜਾਂ ਨੂੰ ਨੈਕ ਵੱਲੋਂ ਹੁਣ ਤੱਕ ਪ੍ਰਦਾਨ ਕੀਤੇ ਅੰਕਾਂ ਵਿਚੋਂ ਮੋਦੀ ਕਾਲਜ ਦਾ ਸੀ.ਜੀ.ਪੀ.ਏ. ਸਭ ਤੋਂ ਵੱਧ ਹੈ।
ਖੁਸ਼ੀ ਦੇ ਇਸ ਅਵਸਰ ਤੇ ਕਾਲਜ ਦੇ ਸਟਾਫ਼ ਮੈਂਬਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਸਮੁੱਚੇ ਸਟਾਫ਼ ਦੁਆਰਾ ਲਗਨ ਅਤੇ ਪ੍ਰਤਿਬੱਧਤਾ ਨਾਲ ਕੀਤੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨਾਲ ਹੀ ਕਿਹਾ ਕਿ ਏ ਗਰੇਡ ਪ੍ਰਾਪਤ ਕਰਨ ਨਾਲ ਸਟਾਫ਼ ਅਤੇ ਪ੍ਰਬੰਧਕਾਂ ਦੀ ਜਿੰyਮੇਵਾਰੀ ਹੋਰ ਵੀ ਵੱਧ ਗਈ ਹੈ। ਕਾਲਜ ਦੀ ਕਾਰਗੁਜ਼ਾਰੀ ਦੇ ਉੱਚੇ ਮਿਆਰ ਨੂੰ ਕਾਇਮ ਰੱਖਣ ਲਈ ਹੋਰ ਵਧੇਰੇ ਸੁਹਿਰਦਤਾ, ਮਿਹਨਤ, ਪ੍ਰਤਿਬੱਧਤਾ, ਦ੍ਰਿੜ੍ਹਤਾ ਅਤੇ ਦੂਰਅੰਦੇਸ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਨੈਕ ਪੀਅਰ ਟੀਮ ਵੱਲੋਂ 16-18 ਮਾਰਚ, 2015 ਨੂੰ ਇਸ ਕਾਲਜ ਦੇ ਦੌਰੇ ਸਮੇਂ ਕਾਲਜ ਪ੍ਰਿੰਸੀਪਲ ਨੂੰ ਸੌਂਪੀ ਸੀਲੱਬੰਦ ਰਿਪੋਰਟ ਵੀ ਸਮੂਹ ਸਟਾਫ਼ ਦੀ ਹਾਜ਼ਰੀ ਵਿਚ ਪੜ੍ਹੀ ਗਈ। ਇਸ ਰਿਪੋਰਟ ਵਿਚ ਜਿੱਥੇ ਕਾਲਜ ਦੀਆਂ ਖੋਜ, ਅਕਾਦਮਿਕ, ਸਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਅਤੇ ਕਾਲਜ ਦੀਆਂ ਸਿਹਤਮੰਦ ਪਰੰਪਰਾਵਾਂ ਦੀ ਸਰਾਹਨਾ ਕੀਤੀ ਗਈ ਹੈ, ਉਥੇ ਨਾਲ ਹੀ ਕੁਝ ਖੇਤਰਾਂ ਵਿਚ ਹੋਰ ਸੁਧਾਰ ਕਰਨ ਲਈ ਸੁਝਾਅ ਵੀ ਦਿੱਤੇ ਗਏ ਹਨ। ਡਾ. ਖੁਸ਼ਵਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਸਮੁੱਚੇ ਦੇਸ਼ ਦੇ 35 ਹਜ਼ਾਰ ਕਾਲਜਾਂ ਅਤੇ 600 ਤੋਂ ਵਧੇਰੇ ਯੂਨੀਵਰਸਿਟੀਆਂ ਵਿਚੋਂ ਹੁਣ ਤੱਕ 123 ਯੂਨੀਵਰਸਿਟੀਆਂ ਅਤੇ 3657 ਕਾਲਜ ਨੈਕ ਵੱਲੋਂ ਪੂਰੀ ਮੁੱਲਾਂਕਣ ਪ੍ਰਕਿਰਿਆ ਉਪਰੰਤ ਗਰੇਡ ਨਾਲ ਪ੍ਰਮਾਣਿਤ ਕੀਤੇ ਜਾ ਚੁੱਕੇ ਹਨ। ਪੰਜਾਬ ਵਿਚ ਨੈਕ ਦੇ ਮੁੱਲਾਂਕਣ ਉਪਰੰਤ 129 ਪ੍ਰਮਾਣਿਤ ਕਾਲਜਾਂ ਵਿਚੋਂ ਸਿਰਫ਼ 41 ਕਾਲਜਾਂ ਨੂੰ ਹੀ ਏ ਗਰੇਡ ਮਿਲਿਆ ਹੈ। ਨੈਕ (ਬੰਗਲੌਰ) ਵੱਲੋਂ ਗ੍ਰੇਡ ਪ੍ਰਾਪਤ ਕਰਨ ਵਾਲੀਆਂ ਦੇਸ਼ ਭਰ ਦੀਆਂ ਵਿਦਿਅਕ ਸੰਸਥਾਵਾਂ ਵਿਚੋਂ ਹੁਣ ਤੱਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਨੇ ਸਭ ਤੋਂ ਵਧੇਰੇ (3.91 ਸੀ.ਜੀ.ਪੀ.ਏ.) ਅੰਕ ਪ੍ਰਾਪਤ ਕੀਤੇ ਹਨ।
ਇਸ ਅਵਸਰ ਤੇ ਕਾਲਜ ਦੇ ਸੀਨੀਅਰ ਫੈਕਲਟੀ ਮੈਂਬਰਜ਼ ਡਾ. ਵਿਨੇ ਜੈਨ, ਪ੍ਰੋ. ਨਿਰਮਲ ਸਿੰਘ, ਪ੍ਰੋ. ਸ਼ਰਵਨ ਕੁਮਾਰ, ਪ੍ਰੋ. ਬਲਵੀਰ ਸਿੰਘ ਅਤੇ ਡਾ. ਹਰਚਰਨ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ