‘Sufi singing’ and ‘Kavi Darbar’ in Modi College Patiala

ਪਟਿਆਲਾ: 25 ਦਸੰਬਰ, 2017
ਮੋਦੀ ਕਾਲਜ ਪਟਿਆਲਾ ਵਿੱਚ ‘ਸੂਫ਼ੀ ਗਾਇਕੀ’ ਅਤੇ ‘ਕਵੀ ਦਰਬਾਰ’
ਅੱਜ ਸ਼ਾਮ ਮੁਲਤਾਨੀ ਮੱਲ ਮੋਦੀ ਕਾਲਜ ਨੇ ਆਪਣੀ ਗੋਲਡਨ ਜੁਬਲੀ ਦੇ ਮੌਕੇ ਤੇ ‘ਸੂਫ਼ੀ ਗਾਇਕੀ’ ਅਤੇ ‘ਕਵੀ ਦਰਬਾਰ’ ਦਾ ਆਯੋਜਨ ਕੀਤਾ, ਜਿਸਦੀ ਪਦਮ ਸ੍ਰੀ ਸੁਰਜੀਤ ਪਾਤਰ ਜੀ ਨੇ ਮੁੱਖ ਮਹਿਮਾਨ ਵਜੋਂ ਸਦਾਰਤ ਕੀਤੀ। ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਮੋਦੀ ਕਾਲਜ ਵਿੱਚ ਅਕਾਦਮਿਕ ਕਾਰਜਾਂ ਦੇ ਨਾਲ-ਨਾਲ ਹੋਰ ਕਲਾਵਾਂ ਵਿੱਚ ਮੁਹਾਰਤ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਇਸੇ ਮਨੋਰਥ ਤਹਿਤ ਇਹ ਸੂਫ਼ੀ ਗਾਇਕੀ ਅਤੇ ਕਵੀ ਦਰਬਾਰ ਵੀ ਵਿਦਿਆਰਥੀਆਂ ਨੂੰ ਨਾਮਵਰ ਕਵੀਆਂ ਅਤੇ ਗਾਇਕਾਂ ਦੇ ਰੂ-ਬ-ਰੂ ਕਰਵਾਉਣ ਦਾ ਇੱਕ ਵਿਸ਼ੇਸ਼ ਯਤਨ ਹੈ। ਇਸ ਕਵੀ ਦਰਬਾਰ ਵਿੱਚ ਸੁਖਵਿੰਦਰ ਅਮ੍ਰਿਤ, ਨਰੇਸ਼ ਨਾਜ਼, ਸਰਦਾਰ ਪੰਛੀ, ਮਧੂ ਚੋਪੜਾ, ਜਸਵੰਤ ਜ਼ਾਫ਼ਰ, ਦਰਸ਼ਨ ਬੁੱਟਰ, ਪੂਨਮ ਗੁਪਤਾ ਅਤੇ ਮਹਿਕ ਭਾਰਤੀ ਨੇ ਆਪਣੇ ਚੁਨਿੰਦਾ ਕਲਾਮ ਪੜ੍ਹੇ। ਇਸ ਤੋਂ ਇਲਾਵਾ ਅਮਰਜੀਤ ਵੜੈਚ, ਆਲ ਇੰਡੀਆਂ ਰੇਡੀਓ, ਪਟਿਆਲਾ ਅਤੇ ਮੋਦੀ ਕਾਲਜ ਦੇ ਅਧਿਆਪਕ ਡਾ. ਹਰਮਨ ਨੇ ਵੀ ਆਪਣੀਆਂ ਕਵਿਤਾਵਾਂ ਸੁਣਾਈਆਂ।
ਸੁਰਜੀਤ ਪਾਤਰ ਨੇ ਆਪਣੀ ਕਵਿਤਾ ‘ਗੁਫ਼ਤਗੂ’ ਨਾਲ ਸਰੋਤਿਆਂ ਦਾ ਮਨ ਮੋਹ ਲਿਆ:
…ਜਿੱਥੇ ਮੇਰੀ ਬਹਿਸ ਮੇਰੇ ਨਾਲ ਹੀ ਹੈ,
ਜਿੱਥੇ ਵਾਰਿਸ ਤੇ ਪੁਰਖੇ ਖੜ੍ਹੇ ਰੂ-ਬ-ਰੂ…
ਜਸਵੰਤ ਜ਼ਫ਼ਰ ਜੀ ਨੇ ਆਪਣੀ ਕਵਿਤਾ ‘ਭਾਈ ਘਨਈਆ’ ਸੁਣਾਈ:
…ਸੀਸ ਤਾਂ ਹਮੇਸ਼ਾਂ ਇੱਕਲਾ ਹੁੰਦਾ,
ਸਿਰਾਂ ਦੀਆਂ ਡਾਰਾਂ ਹੋ ਸਕਦੀਆਂ,
ਸੀਸ ਦਾ ਬਹੁ-ਵਚਨੀ ਸ਼ਬਦ ਨਹੀਂ ਹੁੰਦਾ…
ਸੁਖਵਿੰਦਰ ਅਮ੍ਰਿੰਤ ਨੇ ਵੀ ਕਈ ਪ੍ਰਭਾਵਸ਼ਾਲੀ ਨਜ਼ਮਾਂ ਸੁਣਾਈਆਂ:
…ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ-ਬਘੇਲੇ ਨਾ ਹੁੰਦੇ,
ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਬਾਬੇ ਨਾਨਕ ਵਾਙੂੰ ਉਦਾਸੀਆਂ ਤੇ…
ਪੂਨਮ ਗੁਪਤਾ ਜੀ ਨੇ ਵੀ ਆਪਣੀ ਸ਼ਾਇਰੀ ਸਰੋਤਿਆਂ ਨਾਲ ਸਾਂਝੀ ਕੀਤੀ:
…ਮੁਹੱਬਤ ਮੇਂ ਕਸ਼ਿਸ਼ ਤੋ ਹੈ,
ਤੁਮ ਹੀ ਨੇ ਕੋਈ ਭੂਲ ਕੀ ਹੋਗੀ…
ਮਹਿਕ ਭਾਰਤੀ ਜੋ ਕਿ ਇਸ ਕਾਲਜ ਦੀ ਪੁਰਾਣੀ ਵਿਦਿਆਰਥਣ ਵੀ ਹੈ ਅਤੇ ਅੰਤਰ-ਰਾਸ਼ਟਰੀ ਪੱਥਰ ਦੀ ਕਵਿਤਰੀ ਹੈ, ਨੇ ਵੀ ਆਪਣੀ ਕਵਿਤਾ ਸੁਣਾਈ:
…ਸਾਰੀ ਬੁਲੰਦੀਓਂ ਕੋ ਪਲ ਭਰ ਮੇਂ ਜਾ ਕੇ ਛੂ ਲੂੰ,
ਮੇਰੀ ਸੋਚ ਕੇ ਪਰਿੰਦੇ ਕੋ ਐਸੀ ਉਡਾਨ ਦੇ-ਦੇ
ਅਗਰ ਮੇਰੇ ਫ਼ਨ ਕੋ ਆਜ ਤੂ ਆਜ਼ਮਾਨਾ ਚਾਹਤਾ ਹੈ,
ਏਕ ਬਾਰ ਮੇਰੇ ਹਾਥ ਅਪਣੀ ਕਮਾਨ ਦੇ-ਦੇ…
ਪ੍ਰੋ. ਡਾ. ਹਰਮਨ ਜੀ ਨੇ ਵੀ ਆਪਣੀ ਤਾਜ਼ਾ ਕਵਿਤਾਵਾਂ ਨੂੰ ਪੜ੍ਹਿਆ:
ਵਹਿਸ਼ਤ, ਧਿਆਨ, ਚਿੰਤਨ, ਭਟਕਣ, ਜਨੂੰਨ, ਸ਼ਿੱਦਤ
ਮੁੱਕੇ ਨੇ ਜਿੱਥੇ ਆ ਕੇ, ਤੇਰੀ ਸਾਦਗੀ ਖੜੀ ਹੈ
ਪ੍ਰੋ. ਬਲਜਿੰਦਰ ਕੌਰ ਅਤੇ ਸਾਬਕਾ ਪ੍ਰੋ. ਬਲਵੀਰ ਸਿੰਘ ਜੀ ਨੇ ਮੰਚ ਸੰਚਾਲਨ ਦਾ ਕੰਮ ਬਾਖੂਬੀ ਨਿਭਾਇਆ। ਇਸ ਮੌਕੇ ਮੁੱਖ ਮਹਿਮਾਨ ਅਤੇ ਸਾਰੇ ਕਵੀਆਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਗੁਰਦੀਪ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਮੌਜੂਦਾ ਕਾਲਜ ਸਟਾਫ਼ ਤੋਂ ਇਲਾਵਾ ਸਾਬਕਾ ਅਧਿਆਪਕ, ਕਰਮਚਾਰੀ ਅਤੇ ਪੁਰਾਣੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿੱਚ ਸਰੋਤਿਆਂ ਵਜੋਂ ਭਾਗ ਲੈ ਕੇ ਪ੍ਰੋਗਰਾਮ ਦੀ ਸੋਭਾ ਵਿੱਚ ਵਾਧਾ ਕੀਤਾ।