ਪਟਿਆਲਾ: 17 ਮਾਰਚ, 2018

ਮੋਦੀ ਕਾਲਜ ਵੱਲੋਂ ਦੂਸਰੀ ਸਾਹਿਤਕ ਗੋਸ਼ਟੀ ਦਾ ਆਯੋਜਨ

ਅੱਜ ਮੁਲਤਾਨੀ ਮੱਲ ਮੋਦੀ ਕਾਲਜ ਵਿਚ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਇਸ ਸੈਸ਼ਨ ਦੀ ਦੂਸਰੀ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿ਼ਆ। ਇਸ ਸਾਹਿਤਕ ਗੋਸ਼ਟੀ ਦਾ ਮੁੱਖ ਮੰਤਵ ਵਿਦਿਆਰਥੀਆਂ ਵਿਚ ਸਾਹਿਤਕ ਅਤੇ ਕਲਾਤਮਕ ਰੁਚੀਆਂ ਨੂੰ ਪ੍ਰਫੁੱਲਤ ਕਰਨਾ ਹੈ। ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਸਾਹਿਤਕ ਗੋਸ਼ਟੀ ਦੀ ਸਦਾਰਤ ਕੀਤੀ। ਉਹਨਾਂ ਸਮੁੱਚੇ ਪੰਜਾਬੀ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਚਨਾਤਮਕ ਸੰਵਾਦ ਅਜੋਕੇ ਸਮੇਂ ਦੀ ਪ੍ਰਮੁੱਖ ਲੋੜ ਹੈ, ਜਿਸ ਨੂੰ ਅਜਿਹੇ ਮੰਚ ਉਸਾਰੂ ਰੂਪ ਵਿਚ ਚਲਦਾ ਰੱਖਣ ਲਈ ਸਕਾਰਾਤਮਕ ਭੂਮਿਕਾ ਨਿਭਾਉਂਦੇ ਹਨ। ਉਹਨਾਂ ਵਰਤਮਾਨ ਸਮੇਂ ਦੇ ਪ੍ਰਸੰਗ ਵਿਚ, ਆਪਣੀ ਸਮਝ ਨੂੰ ਵਿਭਿੰਨ ਸਾਹਿਤਕ ਰੂਪਾਂ ਰਾਹੀਂ ਰਚਨਾਤਮਕ ਪੱਧਰ ਉੱਤੇ ਬਾਖੂਬੀ ਪੇਸ਼ ਕਰਨ ਲਈ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।

ਸਮਾਗਮ ਦੀ ਰਸਮੀ ਸ਼ੁਰੂਆਤ ਕਰਦਿਆਂ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਇਸ ਗੋਸ਼ਟੀ ਵਿਚ ਪਹੁੰਚੇ ਸਮੁੱਚੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਅੰਦਰ ਛੁਪੇ ਹੁਨਰ ਨੂੰ ਸਾਹਮਣੇ ਲਿਆਉਣ ਲਈ ਹੀ ਪੰਜਾਬੀ ਸਾਹਿਤ ਸਭਾ ਵੱਲੋਂ ਸਾਹਿਤਕ ਗੋਸ਼ਟੀ ਦਾ ਹਰ ਮਹੀਨੇ ਨਿਰੰਤਰ ਆਯੋਜਨ ਕੀਤਾ ਜਾਂਦਾ ਹੈ। ਅਜਿਹੀਆਂ ਸਾਹਿਤਕ ਗਤੀਵਿਧੀਆਂ ਵਿਦਿਆਰਥੀਆਂ ਵਿਚ ਸਿਰਜਨਾਤਮਕਤਾ ਨੂੰ ਉਭਾਰਦੀਆਂ ਹਨ ਅਤੇ ਨਾਲ ਹੀ ਉਹਨਾਂ ਵਿਚ ਸਮਾਜਕ ਜੀਵਨ ਦੇ ਵਿਭਿੰਨ ਪਹਿਲੂਆਂ ਨੂੰ ਦੇਖਣ ਲਈ ਸਕਾਰਾਤਮਕ ਦ੍ਰਿਸ਼ਟੀ ਉਸਾਰਨ ਵਿਚ ਵੀ ਸਹਾਈ ਹੁੰਦੀਆਂ ਹਨ। ਇਸ ਮੌਕੇ ਇਕੱਤਰ ਹੋਏ ਸਾਹਿਤ ਸਭਾ ਦੇ ਮੈਂਬਰ ਵਿਦਿਆਰਥੀਆਂ ਨੇ ਮਨੁੱਖੀ ਜੀਵਨ ਯਥਾਰਥ ਦੇ ਵਿਭਿੰਨ ਪਾਸਾਰਾਂ ਨੂੰ ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਪੇਸ਼ ਕੀਤਾ। ਇਸ ਮੌਕੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਸਤਨਾਮ ਸਿੰਘ, ਹਰਸੁਖਪਾਵਨ ਕੌਰ, ਗਗਨਦੀਪ ਕੌਰ, ਰਜਨੀਤ ਕੌਰ, ਹਰਸ਼ਦੀਪ, ਦਿਪਾਂਸ਼ੂ, ਪ੍ਰਗਟ ਖੋਖਰ, ਅਮਨਪ੍ਰੀਤ ਕੌਰ, ਰੁਪਿੰਦਰ ਸਿੰਘ, ਸਮਰੀਤ ਕੌਰ, ਡਿੰਪਲ, ਰਿਤੂ, ਹਸਪ੍ਰੀਤ, ਦਮਨਜੀਤ ਕੌਰ, ਗੁਰਵਿੰਦਰ ਸਿੰਘ, ਸਰਪ੍ਰੀਤ ਕੌਰ, ਕਰਨ ਸੁਖਵਾਲ, ਜਸਪ੍ਰੀਤ ਸਿੰਘ, ਗਗਨਦੀਪ ਕੌਰ, ਜੋਤੀ ਪੁਰੀ, ਹਰਵਿੰਦਰ ਕੌਰ ਅਤੇ ਰਵਿੰਦਰ ਰਵੀ ਨੇ ਵਿਭਿੰਨ ਸਾਹਿਤਕ ਰੂਪਾਂ ਰਾਹੀਂ ਆਪਣੀ ਸਮਾਜਕ ਸੰਵੇਦਨਾ ਦਾ ਸੁਹਜਮਈ ਪ੍ਰਗਟਾਵਾ ਕੀਤਾ।

ਇਸ ਮੌਕੇ ਕਾਲਜ ਵਿਚ ਪਿਛਲੇ ਦਿਨੀਂ ਮਨਾਏ ਗਏ ਮਾਤ-ਭਾਸ਼ਾ ਦਿਵਸ ਮੌਕੇ ਲਗਾਈ ਗਈ ਪੋਸਟਰ ਪ੍ਰਦਰਸ਼ਨੀ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਹਿੰਦੀ ਵਿਭਾਗ ਦੇ ਪ੍ਰੋਫੈਸਰ ਡਾ. ਰੁਪਿੰਦਰ ਸ਼ਰਮਾ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਵਿਦਿਆਰਥੀਆਂ ਨੂੰ ਜੀਵਨ ਵਿਚ ਸ਼ਾਸਤਰੀ ਅਤੇ ਵਿਵਹਾਰਕ ਗਿਆਨ ਦੋਵਾਂ ਨੂੰ ਆਪਣੀ ਇਤਿਹਾਸਕ ਵਿਰਾਸਤ ਵਜੋਂ ਅਪਨਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਡਾ. ਦਵਿੰਦਰ ਸਿੰਘ ਨੇ ਮੰਚ ਸੰਚਾਲਨ ਦਾ ਕਾਰਜ ਬਾਖੂਬੀ ਨਿਭਾਉਂਦਿਆਂ ਵਿਦਿਆਰਥੀ ਜੀਵਨ, ਸਾਹਿਤ ਅਤੇ ਰਚਨਾਤਮਕ ਅਮਲ ਦੇ ਸੰਗਮ ਨੂੰ ਇਕ ਚੰਗੇ ਸਮਾਜ ਦੇ ਨਿਰਮਾਣ ਲਈ ਅਹਿਮ ਤੱਤ ਵਜੋਂ ਉਭਾਰਿਆ। ਇਸ ਸਮਂੇ ਅੰਗ੍ਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਮਿਸਿਜ਼ ਬਲਜਿੰਦਰ ਕੌਰ , ਪ੍ਰੋ. ਮਿਸਿਜ਼ ਸ਼ੈਲੇਂਦਰ ਸਿੱਧੂ, ਪ੍ਰੋ. ਵਨੀਤ ਕੌਰ, ਡਾ. ਕੁਲਦੀਪ ਕੌਰ ਅਤੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।