ਪਟਿਆਲਾ: 03 ਫਰਵਰੀ, 2018
ਮੋਦੀ ਕਾਲਜ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ
ਅੱਜ ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ “ਪੰਜਾਬੀ ਸਾਹਿਤ ਸਭਾ” ਦੇ ਸਹਿਯੋਗ ਸਦਕਾ ਇੱਕ “ਸਾਹਿਤਕ-ਗੋਸ਼ਟੀ” ਦਾ ਆਯੋਜਨ ਕੀਤਾ ਗਿਆ। ਇਸ ਸਾਹਿਤਕ ਗੋਸ਼ਟੀ ਦਾ ਮੁੱਖ ਮੰਤਵ ਵਿਦਿਆਰਥੀ ਵਰਗ ਵਿੱਚਲੀਆਂ ਸਾਹਿਤਕ ਅਤੇ ਕਲਾਤਮਕ ਰੁਚੀਆਂ ਨੂੰ ਉਭਾਰਨ ਅਤੇ ਤਰਾਸ਼ਣ ਲਈ ਇੱਕ ਯੋਗ ਮੰਚ ਮੁਹੱਈਆ ਕਰਵਾਉਣਾ ਹੈ। ਸਾਹਿਤਕ ਗੋਸ਼ਟੀ ਦੀ ਸਦਾਰਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਸਭ ਤੋਂ ਪਹਿਲਾਂ ਇਸ ਸਭਾ ਦੇ ਗਠਨ ਅਤੇ ਉਦੇਸ਼ਾਂ ਦੀ ਸ਼ਲਾਘਾ ਕਰਦਿਆਂ ਪੰਜਾਬੀ ਵਿਭਾਗ ਅਤੇ ਮੈਂਬਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਿਹਤਮੰਦ ਤੇ ਉਸਾਰੂ ਸਮਾਜ ਸਿਰਜਣ ਵਿੱਚ ਸਾਹਿਤ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਦੁਆਰਾ ਪੇਸ਼ ਰਚਨਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸਮਾਜ ਪ੍ਰਤੀ ਫਿਕਰਾਂ, ਸਰੋਕਾਰਾਂ ਅਤੇ ਸੰਵੇਦਨਸ਼ੀਲਤਾ ਨੂੰ ਉਸ ਵਰਤਾਰੇ ਦਾ ਢੁਕਵਾਂ ਉਂਤਰ ਦੱਸਿਆ, ਜਿਸ ਪਦਾਰਥਕ ਵਰਤਾਰੇ ਦੁਆਰਾ ਵਰਤਮਾਨ ਜੀਵਨ ਪ੍ਰਬੰਧ ਨਿਯੰਤਰਤ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉਂਤਮ ਸਾਹਿਤ ਪੜ੍ਹਨ, ਸਮਾਜਕ ਸਰੋਕਾਰਾਂ ਨਾਲ ਜੁੜਨ ਅਤੇ ਸਮਾਜਕ ਅਲਾਮਤਾਂ ਨਾਲ ਲੜਨ ਦਾ ਸੁਨੇਹਾ ਦਿੱਤਾ।
ਇਸ ਤੋਂ ਪਹਿਲਾਂ ਸਮਾਗਮ ਦੀ ਰਸਮੀ ਸ਼ੁਰੂਆਤ ਕਰਦਿਆਂ ਪੋਸਟੱਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰੰਧੂ ਨੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਅਤੇ ਆਏ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਪੰਜਾਬੀ ਸਹਿਤ ਸਭਾ ਦੇ ਸੰਗਠਨ, ਪ੍ਰਯੋਜਨ ਅਤੇ ਭਵਿੱਖ ਮੁਖੀ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਵਿਦਿਆਰਥੀ ਜੀਵਨ ਵਿੱਚ ਚੰਗੀ ਸਖਸ਼ੀਅਤ ਦੀ ਉਸਾਰੀ ਲਈ ਅਜਿਹੀਆਂ ਸਾਹਿਤਕ ਗਤੀਵਿਧੀਆਂ ਨੂੰ ਜਿੱਥੇ ਅਹਿਮ ਅੰਗ ਮੰਨਿਆ ਉੱਥੇ ਸਾਕਾਰਾਤਮਕ ਜੀਵਨ-ਦ੍ਰਿਸ਼ਟੀ ਉਸਾਰਨ ਵਿੱਚ ਵੀ ਸਾਹਿਤਕ ਰੁਚੀਆਂ ਦੇ ਯੋਗਦਾਨ ਉਪਰ ਚਾਨਣਾ ਪਾਇਆ। ਉਨ੍ਹਾਂ ਨੇ ਇਸ ਪੰਜਾਬੀ ਸਾਹਿਤ ਸਭਾ ਦੁਆਰਾ ਮਹੀਨਾਵਾਰ ਸਾਹਿਤਕ ਗੋਸ਼ਟੀ ਕਰਨ ਦੀ ਵੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਮੌਕੇ ਇਕੱਤਰ ਹੋਏ ਮੈਂਬਰ ਵਿਦਿਆਰਥੀਆਂ ਨੇ ਸਮਾਜਕ ਜੀਵਨ ਦੀਆਂ ਵਿਭਿੰਨ ਤੰਦਾਂ ਨੂੰ ਆਪਣੀਆਂ ਕਲਾਤਮਕ ਰਚਨਾਵਾਂ ਵਿੱਚ ਪਰੋ ਕੇ ਪੇਸ਼ ਕੀਤਾ। ਇਸ ਮੌਕੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਗੁਰਵਿੰਦਰ ਸਿੰਘ, ਰਵਿੰਦਰ ਸਿੰਘ ਰਵੀ, ਸਤਨਾਮ ਸਿੰਘ, ਸਿਮਰਨ, ਸ਼ਿਵ ਕੁਮਾਰ, ਨੀਤੀਕਾ ਸ਼ਰਮਾ, ਸਮਰੀਤ, ਤਾਨੀਆਂ, ਜਸਪ੍ਰੀਤ ਕੌਰ, ਹਰਸ਼ਦੀਪ, ਕਰਨ ਸੁਖਵਾਲ, ਸਿਮਰਨ ਕੌਰ, ਗਗਨਦੀਪ ਕੌਰ, ਸਰਪ੍ਰੀਤ ਕੌਰ ਨੇ ਆਪਣੀਆਂ ਸਾਹਿਤਕ ਰਚਨਾਵਾਂ ਦੀ ਪੇਸ਼ਕਾਰੀ ਕੀਤੀ।
ਇਸ ਮੌਕੇ ਡਾ. ਵੀਰਪਾਲ ਕੌਰ ਨੇ ਸਭਾ ਵਿੱਚ ਹਾਜ਼ਰੀਨ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ। ਡਾ. ਦਵਿੰਦਰ ਸਿੰਘ ਨੇ ਇਸ ਸਮਾਗਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦਿਆਂ ਸਾਹਿਤ, ਕਲਾ ਅਤੇ ਵਿਦਿਆਰਥੀਆਂ ਵਿਚਕਾਰ ਸਾਂਝ ਸਥਾਪਤ ਕੀਤੀ। ਇਸ ਮੌਕੇ ਪੰਜਾਬੀ ਵਿਭਾਗ ਦੇ ਸਾਰੇ ਅਧਿਆਪਕ ਸਾਹਿਬਾਨ ਹਾਜ਼ਰ ਸਨ।