ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਯੂ.ਜੀ.ਸੀ. ਦੇ ਸਹਿਯੋਗ ਨਾਲ “ਉਚੇਰੀ ਸਿੱਖਿਆ ਸੰਸਥਾਵਾਂ ਵਿਚ ਮਿਆਰੀ ਖੋਜ“ ਵਿਸ਼ੇ ਤੇ ਇਕ-ਰੋਜ਼ਾ ਸੈਮੀਨਾਰ ਆਯੋਜਿਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਏ.ਐਸ. ਚਾਵਲਾ ਨੇ ਆਪਣੇ ਉਦਘਾਟਣੀ ਭਾਸ਼ਣ ਵਿਚ ਕਿਹਾ ਕਿ ਚੰਗੀ ਖੋਜ ਉਹ ਹੈ ਜਿਸ ਦਾ ਮਨੁੱਖੀ ਜਿੰyਦਗੀ ਵਿਚ ਕੋਈ ਲਾਭ ਜਾਂ ਸਪੱਸ਼ਟ ਪ੍ਰਭਾਵ ਨਜ਼ਰ ਆਉਂਦਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਕਾਲਜਾਂ ਵਿੱਚ ਖੋਜ-ਕਾਰਜ ਲਈ ਢੁਕਵੀਆਂ ਸਹੂਲਤਾਂ ਅਤੇ ਸੁਖਾਵੇਂ ਵਾਤਾਵਰਨ ਦੀ ਘਾਟ ਹੋਣਾ ਮਿਆਰੀ ਖੋਜ੧ ਦੇ ਰਾਹ ਦੀ ਮੁੱਖ ਰੁਕਾਵਟ ਹਨ। ਉਨ੍ਹਾਂ ਕਿਹਾ ਕਿ ਚੰਗਾ ਅਧਿਆਪਕ ਹੀ ਚੰਗਾ ਖੋਜੀ ਵਿਦਵਾਨ ਹੋ ਸਕਦਾ ਹੈ। 

    ਆਪਣੇ ਸਵਾਗਤੀ ਭਾਸ਼ਣ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਅਜੋਕੀ ਸਿੱਖਿਆ ਸੰਸਥਾਵਾਂ ਦੀ ਕੁਆਲਿਟੀ ਰੈਂਕਿੰਗ ਵਿਚ ਖੋਜ-ਕਾਰਜਾਂ ਦੇ ਮਿਆਰ ਨੂੰ ਆਧਾਰ ਬਣਾਇਆ ਜਾ ਰਿਹਾ ਹੈ। ਭਾਰਤ ਵਿੱਚ “ਨੈਕ“ ਤੇ ਸੰਸਾਰ ਪੱਧਰ ਤੇ “ਟਾਈਮਜ਼ ਰੈਂਕਿੰਗ ਆਫ਼ ਵਰਲਡ ਯੂਨੀਵਰਸਿਟੀਜ਼“ ਵਰਗੇ ਅਦਾਰੇ ਸੰਸਥਾਵਾਂ ਵਲੋਂ ਕੀਤੀ ਖੋਜ ਦੀ ਗੁਣਵੱਤਾ ਨੂੰ ਹੀ ਕਿਸੇ ਵਿਦਿਅਕ ਸੰਸਥਾ ਦੇ ਚੰਗੇ ਜਾਂ ਮਾੜੇ ਹੋਣ ਦਾ ਆਧਾਰ ਬਣਾਉਂਦੀਆਂ ਹਨ। 

    ਪੰਜਾਬੀ ਯੂਨੀਵਰਸਿਟੀ ਦੇ ਡੀਨ, ਰਿਸਰਚ, ਡਾ. ਜੇ. ਐਸ. ਪਸਰੀਚਾ ਨੇ ਕਿਹਾ ਕਿ ਐਮ.ਫਿਲ ਜਾਂ ਪੀ.ਐਚ.ਡੀ. ਦੀ ਡਿਗਰੀ ਲੈ ਲੈਣੀ ਖੋਜ ਦਾ ਮਨੋਰਥ ਨਹੀਂ। ਇਹ ਤਾਂ ਖੋਜ ਕਾਰਜ ਕਰਨ ਦੀ ਟ੍ਰੇਨਿੰਗ ਹੈ। ਉਨ੍ਹਾਂ ਕਿਹਾ ਕਿ ਯੂ.ਜੀ.ਸੀ. ਨਿਯਮਾਂ ਅਨੁਸਾਰ ਯੂਨੀਵਰਸਿਟੀਆਂ ਵਿੱਚ ਅਧਿਆਪਕਾਂ ਦੀ ਤਰੱਕੀ ਲਈ ਉਨ੍ਹਾਂ ਵੱਲੋਂ ਕੀਤੇ ਖੋਜ ਕਾਰਜ ਨੂੰ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ। ਡਾ. ਪਸਰੀਚਾ ਨੇ ਇਹ ਵੀ ਕਿਹਾ ਕਿ ਅਧਿਆਪਕਾਂ ਨੂੰ ਆਪਣੀ ਖੋਜ ਦਾ ਮਿਆਰ ਉੱਚਾ ਰੱਖਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਖੋਜ ਨੂੰ ਅਧਾਰ ਬਣਾ ਕੇ ਦੇਸ਼ ਦੇ ਵਿਕਾਸ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ 19।4% ਨੌਜਵਾਨ ਹੀ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਜਦ ਕਿ ਲੜਕੀਆਂ ਤੇ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਦੇ ਵਿਦਿਆਰਥੀਆਂ ਦੀ ਪ੍ਰਤੀਸ਼ਤ ਇਸ ਤੋਂ ਵੀ ਬਹੁਤ ਘੱਟ ਹੈ।

    ਪੰਜਾਬੀ ਯੂਨੀਵਰਸਿਟੀ ਦੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਮੁਖੀ ਪ੍ਰੋ. ਗੁਰਦੀਪ ਸਿੰਘ ਬੱਤਰਾ ਨੇ ਆਪਣੇ ਖੋਜ ਪੱਤਰ ਵਿਚ ਕਿਹਾ ਕਿ ਸਿੱਖਿਆ ਮਨੁੱਖੀ ਜੀਵਨ ਦੀ ਨਿਰੰਤਰ ਪ੍ਰਕਿਰਿਆ ਹੈ। ਦੇਸ਼ ਵਿਚ ਖੋਜ ਸਭਿਆਚਾਰ ਪ੍ਰਚਲਿਤ ਕਰਨ ਦੀ ਜ਼ਰੂਰਤ ਹੈ। ਜਿਸ ਰਾਹੀਂ ਮੌਲਿਕ ਵਿਚਾਰ ਤੇ ਨਵੀਆਂ ਲੱਭਤਾਂ ਮਨੁੱਖੀ ਜੀਵਨ ਦੇ ਅਗਲੇਰੇ ਵਿਕਾਸ ਨੂੰ ਸੰਭਵ ਬਣਾਉਣਗੀਆਂ। ਵਿਦਵਾਨ ਵਕਤਾ ਨੇ ਅਨੇਕਾਂ ਕੌਮੀ ਤੇ ਕੌਮਾਂਤਰੀ ਸੰਸਥਾਵਾਂ ਦਾ ਜ਼ਿਕਰ ਕੀਤਾ ਜੋ ਖੋਜਕਾਰਾਂ ਲਈ ਉਦਾਰ ਆਰਥਿਕ ਸਹਾਇਤਾ ਪ੍ਰਦਾਨ ਕਰਦੀਆਂ ਹਨ।

    ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਮਨਜੀਤ ਸਿੰਘ ਨੇ ਆਪਣੇ ਖੋਜ ਪੱਤਰ ਵਿੱਚ ਕਿਹਾ ਕਿ ਭਾਰਤ ਵਿੱਚ ਖੋਜ ਕਾਰਜ ਗਿਣਤੀ ਪੱਖੋਂ ਤਾਂ ਬਹੁਤ ਹੋ ਰਹੇ ਹਨ, ਪਰ ਗੁਣਾਤਮਕ ਪੱਖੋਂ ਇਹ ਖੋਜ ਨੀਵੇਂ ਪੱਧਰ ਦੀ ਹੈ। ਉਨ੍ਹਾਂ ਕਿਹਾ ਕਿ ਵਧਦੀ ਅਬਾਦੀ, ਜਗੀਰੂ ਮਾਨਸਿਕਤਾ, ਅੰਗਰੇਜ਼ੀ ਭਾਸ਼ਾ ਦਾ ਦਬਦਬਾ ਤੇ ਲਾਲ ਫੀਤਾਸ਼ਾਹੀ ਵਰਗੇ ਕਾਰਨਾਂ ਕਰਕੇ ਦੇਸ਼ ਵਿੱਚ ਮਿਆਰੀ ਖੋਜ ਨਹੀਂ ਹੋ ਸਕੀ।

    ਡਾ. ਜਸਵਿੰਦਰ ਸਿੰਘ, ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅਧਿਆਪਕ ਨੂੰ ਇਕ ਸੁਹਿਰਦ ਖੋਜਾਰਥੀ ਵਜੋਂ ਆਪਣੀ ਜ਼ਿੰਮੇਵਾਰੀ ਪ੍ਰਤਿਬੱਧਤਾ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਹੀ ਅਧਿਆਪਕ ਦੇ ਕਿੱਤੇ ਦੀ ਸ਼ਾਨ ਬਹਾਲ ਰੱਖੀ ਜਾ ਸਕਦੀ ਹੈ। ਖੋਜ ਕਾਰਜ ਲਈ ਭਰੋਸੇ ਯੋਗ ਜਾਣਕਾਰੀ ਦੇ ਨਾਲ ਨਾਲ ਜਿੰyਦਗੀ ਪ੍ਰਤਿ ਸਪੱਸ਼ਟ ਫਲਸਫੇ ਦੀ ਵੀ ਜ਼ਰੂਰਤ ਹੁੰਦੀ ਹੈ। 

    ਡਾ. ਤਜਿੰਦਰ ਕੌਰ, ਡਾਇਰੈਕਟਰ, ਸੈਂਟਰ ਫ਼ਾਰ ਡਾਇਸਪੋਰਾ ਸਟੱਡੀਜ਼, ਪੰਜਾਬੀ ਯੂਨੀਵਰਸਿਟੀ ਨੇ ਆਪਣੇ ਖੋਜ ਪੱਤਰ ਵਿਚ ਖੋਜ ਪ੍ਰਤੀ ਰੁਚੀ ਨੂੰ ਬਚਪਨ ਤੋਂ ਹੀ ਵਿਕਸਤ ਕਰਨ ਤੇ ਜ਼ੋਰ ਦਿੱਤਾ। ਯੂਨੀਵਰਸਿਟੀਆਂ ਵਿਚ ਹੋ ਰਹੀ ਗ਼ੈਰ ਮਿਆਰੀ ਖੋਜ ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਖੋਜ ਕਾਰਜ ਨੂੰ ਬਹੁਤ ਗੰਭੀਰਤਾ ਲਗਨ ਤੇ ਪ੍ਰਤਿਬੱਧਤਾ ਨਾਲ ਕਰਨ ਦੀ ਲੋੜ ਹੈ। 

    ਡਾ. ਦੀਪਕ ਮਨਮੋਹਨ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੇ ਵਿਦਾਇਗੀ ਭਾਸ਼ਣ ਵਿੱਚ ਸੰਵਾਦ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਸ਼ਾਨਦਾਰ ਪਰੰਪਰਾਵਾਂ ਤੇ ਅਮੀਰ ਵਿਰਸਾ ਛੱਡਦੇ ਜਾ ਰਹੇ ਹਾਂ ਤਾਂ ਹੀ ਸਾਡੇ ਖੋਜ ਕਾਰਜਾਂ ਵਿਚੋਂ ਵੀ ਸੁਹਿਰਦਤਾ ਤੇ ਇਮਾਨਦਾਰੀ ਖਤਮ ਹੁੰਦੀ ਜਾ ਰਹੀ ਹੈ।

    ਪ੍ਰੋ. ਨਿਰਮਲ ਸਿੰਘ, ਪ੍ਰੋ. ਸ਼ਰਵਨ ਕੁਮਾਰ ਤੇ ਡਾ. ਵਿਨੇ ਜੈਨ ਨੇ ਵੱਖ ਵੱਖ ਸੈਸ਼ਨਾਂ ਦੌਰਾਨ ਧੰਨਵਾਦ ਦੇ ਸ਼ਬਦ ਕਹੇ।

    ਪ੍ਰੋ. ਨੀਰਜ ਗੋਇਲ ਤੇ ਪ੍ਰੋ. ਗਣੇਸ਼ ਸੇਠੀ ਨੇ ਸੈਮੀਨਾਰ ਦੀ ਰਿਪੋਰਟ ਪੇਸ਼ ਕੀਤੀ।

    ਸੈਮੀਨਾਰ ਦੇ ਪ੍ਰਬੰਧਕੀ ਸਕੱਤਰ ਡਾ. ਹਰਚਰਨ ਸਿੰਘ ਤੇ ਡਾ. ਰਾਜੀਵ ਸ਼ਰਮਾ ਨੇ ਮੰਚ ਸੰਚਾਲਨ ਦਾ ਕਾਰਜ ਨਿਭਾਇਆ।