ਪਟਿਆਲਾ: 27 ਸਤੰਬਰ, 2014
 
ਮੁਲਤਾਨੀ ਮੱਲ ਮੋਦੀ ਕਾਲਜ ਵਿਚ ਚਲ ਰਹੀ ਵਿਸ਼ੇਸ਼ ਭਾਸ਼ਣ ਲੜੀ ਤਹਿਤ ਵੱਖ-ਵੱਖ ਵਿਭਾਗਾਂ ਵਲੋਂ ਆਪਣੇ ਵਿਸ਼ੇ ਦੇ ਮਾਹਿਰ ਵਿਦਵਾਨਾਂ ਦੇ ਵਿਸ਼ੇਸ਼ ਭਾਸ਼ਣ ਆਯੋਜਿਤ ਕਰਵਾਏ ਗਏ। ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਧਰਮਵੀਰ ਸ਼ਰਮਾ ਦਾ “ਪੁਆਇੰਟਰਜ਼ ਇਨ ਸੀ“ ਵਿਸ਼ੇ ਤੇ ਭਾਸ਼ਣ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮਹਿਮਾਨ ਵਕਤਾ ਦਾ ਸਵਾਗਤ ਕਰਦਿਆਂ ਕਿਹਾ ਕਿ ਕੰਪਿਊਟਰ ਸਿਰਫ਼ ਟਾਈਪ ਕਰਨ ਦੇ ਕੰਮ ਹੀ ਨਹੀਂ ਆਉਂਦਾ ਸਗੋਂ ਇਸ ਰਾਹੀਂ ਬਹੁਤ ਕੁਝ ਸਿਰਜਨਾਤਮਕ ਤੇ ਮੌਲਿਕ ਰੂਪ ਵਿਚ ਕੀਤਾ ਜਾ ਸਕਦਾ ਹੈ। ਇਸ ਵਿਸ਼ੇ ਤੇ ਬੋਲਦਿਆਂ ਵਿਦਵਾਨ ਵਕਤਾ ਡਾ. ਧਰਮਵੀਰ ਸ਼ਰਮਾ ਨੇ ਕਿਹਾ ਕਿ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਅੰਦਰ ਪ੍ਰੋਗਰਾਮਿੰਗ ਸਕਿੱਲਜ਼ ਸਿੱਖਣ ਦੀ ਤੀਬਰ ਇੱਛਾ ਹੋਣੀ ਚਾਹੀਂਦੀ ਹੈ, ਤਾਂ ਹੀ ਇਸ ਖੇਤਰ ਵਿਚ ਮੌਲਿਕ ਪ੍ਰਾਪਤੀ ਕੀਤੀ ਜਾ ਸਕਦੀ ਹੈ। ਅੱਜ ਦਾ ਯੁੱਗ ਮੁਕਾਬਲੇ ਦਾ ਯੁੱਗ ਹੈ, ਜਿਹੜੇ ਵਿਦਿਆਰਥੀ ਕੰਪਿਊਟਰ ਵਿਗਿਆਨ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਕੇ ਨਵੀਂਆਂ ਦਿਸ਼ਾਵਾਂ ਖੋਜ ਸਕਣਗੇ ਉਹ ਹੀ ਇਸ ਖੇਤਰ ਵਿਚ ਸਫ਼ਲ ਹੋਣਗੇ। ਵਿਭਾਗ ਦੇ ਮੁਖੀ ਪ੍ਰੋ. ਵਿਨੇ ਗਰਗ ਨੇ ਆਏ ਮਹਿਮਾਨ ਦਾ ਧੰਨਵਾਦ ਕੀਤਾ।
 
ਕਾਲਜ ਦੇ ਬਾਇਓ-ਇਨਫਰਮੈਟਿਕਸ ਵਿਭਾਗ ਵੱਲੋਂ “ਪ੍ਰੋਟੀਨ ਬਣਤਰਾਂ ਅਤੇ ਕਾਰਜ ਬਾਰੇ ਨਵੀਆਂ ਅੰਤਰਦ੍ਰਿਸ਼ਟੀਆਂ“ ਵਿਸ਼ੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਤੋਂ ਆਏ ਡਾ. ਪੁਸ਼ਪਿੰਦਰ ਕੁਮਾਰ ਸ਼ਰਮਾ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਵੱਲੋਂ ਵਿਦਵਾਨ ਵਕਤਾ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਵਿਸ਼ਾ ਅੱਜ ਸੰਸਾਰ ਪੱਧਰ ਤੇ ਵਿਚਾਰਿਆ ਜਾਣ ਵਾਲਾ ਮਹੱਤਵਪੂਰਨ ਵਿਸ਼ਾ ਹੈ। ਵਿਦਵਾਨ ਵਕਤਾ ਨੇ ਅਧਿਆਪਨ ਦੀਆਂ ਆਧੁਨਿਕ ਵਿਧੀਆਂ ਰਾਹੀਂ ਉਪਰੋਕਤ ਵਿਸ਼ੇ ਬਾਰੇ ਪ੍ਰਾਪਤ ਨਵੀਨਤਮ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਕਾਲਜ ਦੇ ਡੀਨ, ਲਾਇਵ ਸਾਇੰਸਿਜ਼ ਡਾ. ਅਸ਼ਵਨੀ ਕੁਮਾਰ ਸ਼ਰਮਾ ਨੇ ਮਹਿਮਾਨ ਵਕਤਾ ਲਈ ਧੰਨਵਾਦ ਦੇ ਸ਼ਬਦ ਕਹੇ। ਵਿਦਿਆਰਥੀਆਂ ਨੇ ਵਿਚਾਰ ਚਰਚਾ ਵਿਚ ਸਰਗਰਮੀ ਨਾਲ ਹਿੱਸਾ ਲਿਆ। ਮੈਡਮ ਗਗਨਦੀਪ ਕੌਰ, ਮੈਡਮ ਸੁਨਿੰਦਾ ਅਤੇ ਅਨੁਰਾਧਾ ਵਰਮਾ ਵੀ ਇਸ ਮੌਕੇ ਹਾਜ਼ਰ ਸਨ।
 
 
ਕਾਲਜ ਦੇ ਗਣਿਤ ਵਿਭਾਗ ਵਲੋਂ “ਐਬਸਟ੍ਰੈਕਟ ਅਲਜੈਬਰਾ“ ਵਿਸ਼ੇ ਉਪਰ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਾਬਕਾ ਰਿਸਰਚ-ਫੈਲੋ ਡਾ. ਅੰਮ੍ਰਿਤ ਸਿੰਘ ਵਿਰਕ ਨੇ ਵਿਸ਼ਾ ਮਾਹਿਰ ਵਜੋਂ ਭਾਸ਼ਣ ਦਿੱਤਾ। ਉਪਰੋਕਤ ਵਿਸ਼ੇ ਬਾਰੇ ਵਿਦਵਾਨ ਵਕਤਾ ਨੇ ਨਵੀਨਤਮ ਜਾਣਕਾਰੀ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਵਿਦਿਆਰਥੀਆਂ ਸਾਹਮਣੇ ਪੇਸ਼ ਕੀਤਾ। ਇਸ ਅਵਸਰ ਤੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਤੋਂ ਇਲਾਵਾ ਵਿਭਾਗ ਦੇ ਮੁਖੀ ਵਰੁਣ ਜੈਨ, ਮੈਡਮ ਚੇਤਨਾ ਗੁਪਤਾ, ਮੈਡਮ ਚੇਤਨਾ ਸ਼ਰਮਾ, ਮੈਡਮ ਰਾਜਵਿੰਦਰ ਕੌਰ, ਮੈਡਮ ਸਾਕਸ਼ੀ ਅਤੇ ਮੈਡਮ ਮਨੀਤਾ ਵੀ ਹਾਜ਼ਰ ਸਨ। ਐਮ.ਐਸ.ਸੀ. ਭਾਗ ਪਹਿਲਾ ਅਤੇ ਭਾਗ ਦੂਜਾ ਦੇ ਵਿਦਿਆਰਥੀਆਂ ਨੇ ਉਪਰੋਕਤ ਵਿਸ਼ੇ ਬਾਰੇ ਅਨੇਕਾਂ ਪ੍ਰਸ਼ਨ ਪੁੱਛੇ ਜਿਨ੍ਹਾਂ ਦਾ ਵਿਦਵਾਨ ਵਕਤਾ ਨੇ ਤਸੱਲੀ ਬਖ਼ਸ਼ ਜਵਾਬ ਦਿੱਤੇ। ਵੱਖ-ਵੱਖ ਵਿਸ਼ਿਆਂ ਬਾਰੇ ਆਯੋਜਿਤ ਇਨ੍ਹਾਂ ਵਿਸ਼ੇਸ਼ ਭਾਸ਼ਣਾਂ ਦੌਰਾਨ ਵਿਦਿਆਰਥੀਆਂ ਦਾ ਉਤਸ਼ਾਹ ਵੇਖਣ ਵਾਲਾ ਸੀ।
 
 
ਡਾ. ਖੁਵਿੰਦਰ ਕੁਮਾਰ

ਪ੍ਰਿੰਸੀਪਲ